ਫੈਕਟਰੀ ਕਾਮਿਆਂ ਨਾਲ ਖਿੱਚਧੂਹ ’ਚ ਮਜ਼ਦੂਰ ਬੇਹੋਸ਼
ਫੈਕਟਰੀ ਕਾਮਿਆਂ ਨਾਲ ਖਿੱਚਧੂਹ ’ਚ ਮਜ਼ਦੂਰ ਬੇਹੋਸ਼, ਫੈਕਟਰੀ ਮਾਲਕਾਂ ਨਾਲ ਗੱਲਬਾਤ ਰਹੀ ਬੇਸਿੱਟਾ
Publish Date: Wed, 15 Apr 2026 06:47 PM (IST)
Updated Date: Thu, 16 Apr 2026 04:06 AM (IST)
-ਫੈਕਟਰੀ ਮਾਲਕਾਂ ਨਾਲ ਕੀਤੀ ਗੱਲਬਾਤ ਰਹੀ ਬੇਸਿੱਟਾ
ਗੁਰਨੈਬ ਸਾਜਨ, ਪੰਜਾਬੀ ਜਾਗਰਣ, ਬੱਲੂਆਣਾ : ਬਠਿੰਡਾ ਦੇ ਪਿੰਡ ਬੱਲੂਆਣਾ ਤੋਂ ਵਿਰਕ ਕਲਾਂ ਸਿਵਲ ਏਅਰਪੋਰਟ ਵੱਲ ਜਾਂਦੀ ਸੜਕ ‘ਤੇ ਸਥਿਤ ਨਿਰੋਲ ਕੰਪਨੀ ਹੇਠ ਚੱਲ ਰਹੀ ਬਿਜਲੀ ਸਮਾਨ ਤਿਆਰ ਕਰਨ ਵਾਲੀ ਫੈਕਟਰੀ ਦੇ ਕਾਮਿਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਲਾਇਆ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ। ਸੈਂਕੜਿਆਂ ਦੀ ਗਿਣਤੀ ਵਿੱਚ ਕਾਮੇ ਘੱਟ ਤਨਖਾਹ, ਵੱਧ ਕੰਮ ਅਤੇ ਤਲਾਸ਼ੀ ਦੇ ਨਾਂ ‘ਤੇ ਹੋ ਰਹੀ ਬੇਇੱਜ਼ਤੀ ਦੇ ਵਿਰੋਧ ‘ਚ ਫੈਕਟਰੀ ਗੇਟ ਅੱਗੇ ਰੋਸ ਮੁਜ਼ਾਹਰਾ ਕਰ ਰਹੇ ਹਨ।
ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੁੰਬਾ ਆਪਣੇ ਸਾਥੀਆਂ ਸਮੇਤ ਕਾਮਿਆਂ ਦੀ ਹਮਾਇਤ ’ਚ ਪਹੁੰਚੇ। ਇਸ ਮੌਕੇ ਡੀਐਸਪੀ ਹਰਵਿੰਦਰ ਸਿੰਘ ਸਰਾਂ, ਥਾਣਾ ਸਦਰ ਦੇ ਐੱਸਐੱਚਓ ਤੇ ਪੁਲਿਸ ਚੌਕੀ ਬੱਲੂਆਣਾ ਦੇ ਇੰਚਾਰਜ ਵੱਲੋਂ ਫੈਕਟਰੀ ਮਾਲਕਾਂ ਨਾਲ ਗੱਲਬਾਤ ਕਰਵਾਈ ਗਈ, ਪਰ ਇਹ ਗੱਲਬਾਤ ਕਿਸੇ ਨਤੀਜੇ ‘ਤੇ ਨਹੀਂ ਪਹੁੰਚੀ। ਗੱਲਬਾਤ ਫੇਲ੍ਹ ਹੋਣ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਤੇ ਪੁਲਿਸ ਵੱਲੋਂ ਧਰਨੇ ’ਤੇ ਬੈਠੇ ਕਾਮਿਆਂ ਨਾਲ ਖਿੱਚ ਧੂਹ ਕੀਤੀ ਗਈ। ਇਸ ਦੌਰਾਨ ਨੌਜਵਾਨ ਕਾਮਾ ਹਰਪ੍ਰੀਤ ਸਿੰਘ ਕੋਟਭਾਈ ਬੇਹੋਸ਼ ਹੋ ਗਿਆ, ਜਿਸਨੂੰ ਉਸਦੇ ਸਾਥੀਆਂ ਨੇ ਪੁਲਿਸ ਤੋਂ ਛੁਡਾ ਕੇ ਬਾਹਰ ਲਿਆਂਦਾ। ਇਸ ਘਟਨਾ ਤੋਂ ਬਾਅਦ ਪੁਲਿਸ ਵਾਪਸ ਫੈਕਟਰੀ ਅੰਦਰ ਚਲੀ ਗਈ। ਕਾਮਿਆਂ ਮਨਪ੍ਰੀਤ ਸਿੰਘ ਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਫੈਕਟਰੀ ਮਾਲਕ ਬਿਨਾਂ ਕਾਰਨ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾ ਰਹੇ ਹਨ ਤਾਂ ਜੋ ਨਵੇਂ ਕਾਮੇ ਘੱਟ ਮਜ਼ਦੂਰੀ ‘ਤੇ ਰੱਖੇ ਜਾ ਸਕਣ। ਕਈ ਮੁਲਾਜ਼ਮ 10–15 ਸਾਲਾਂ ਤੋਂ ਕੰਮ ਕਰ ਰਹੇ ਹਨ, ਪਰ ਉਨ੍ਹਾਂ ਦੀ ਤਨਖਾਹ ਵਧਾਉਣ ਦੀ ਬਜਾਏ ਉਨ੍ਹਾਂ ਤੋਂ ਅੱਠ ਘੰਟਿਆਂ ਤੋਂ ਵੱਧ ਕੰਮ ਲਿਆ ਜਾਂਦਾ ਹੈ। ਕਾਮਿਆਂ ਨੇ ਦੱਸਿਆ ਕਿ ਕੰਮ ਮਕਾਉਣ ਤੋਂ ਬਾਅਦ ਘਰ ਜਾਣ ਵੇਲੇ ਤਲਾਸ਼ੀ ਦੇ ਨਾਂ ‘ਤੇ ਉਨ੍ਹਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ। ਫੈਕਟਰੀ ਅੰਦਰ ਸੁਰੱਖਿਆ ਦੇ ਕੋਈ ਢੰਗ ਦੇ ਪ੍ਰਬੰਧ ਨਹੀਂ ਹਨ, ਜਿਸ ਕਰਕੇ ਕਈ ਵਾਰ ਹਾਦਸੇ ਵੀ ਹੋ ਚੁੱਕੇ ਹਨ। ਬੱਲੂਆਣਾ ਤੇ ਗਿੱਦੜਬਾਹਾ ਦੋਵਾਂ ਫੈਕਟਰੀਆਂ ਦੇ ਲਗਭਗ 100 ਕਾਮੇ ਇਕੱਠੇ ਹੋ ਕੇ ਧਰਨਾ ਦੇ ਰਹੇ ਹਨ। ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੁੰਬਾ ਨੇ ਕਿਹਾ ਕਿ ਜਥੇਬੰਦੀ ਕਾਮਿਆਂ ਦੇ ਨਾਲ ਖੜੀ ਹੈ ਤੇ ਮਾਮਲੇ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਕਾਮਿਆਂ ਨਾਲ ਕਿਸੇ ਤਰ੍ਹਾਂ ਦੀ ਜ਼ਿਆਦਤੀ ਹੋਈ ਤਾਂ ਜਥੇਬੰਦੀ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ।