ਵੈਟਰਨਰੀ ਕਾਲਜ ’ਚ ਸਹੁੰ ਚੁੱਕ ਸਮਾਗਮ ਮੁਕੰਮਲ
ਵੈਟਰਨਰੀ ਕਾਲਜ ਵਿਖੇ ਸਹੁੰ ਚੁੱਕ ਸਮਾਗਮ ਕਰਵਾਇਆ
Publish Date: Wed, 15 Apr 2026 05:14 PM (IST)
Updated Date: Thu, 16 Apr 2026 04:01 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਕਾਲਜ ਆਫ ਵੈਟਰਨਰੀ ਸਾਇੰਸ, ਰਾਮਪੁਰਾ ਫੂਲ ਵੱਲੋਂ ਬੀਵੀਐੱਸਸੀ ਤੇ ਏਐੱਚ ਦੇ ਦੂਜੇ ਗ੍ਰੈਜੂਏਟ ਬੈਚ ਲਈ ਵੈਟਰਨਰੀਅਨ ਸਹੁੰ ਚੁੱਕ ਸਮਾਗਮ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਇਹ ਸਮਾਗਮ ਵਿਦਿਆਰਥੀਆਂ ਲਈ ਮਾਣਮੱਤਾ ਮੌਕਾ ਬਣਿਆ, ਜਿੱਥੇ ਉਨ੍ਹਾਂ ਦੀ ਸਾਲਾਂ ਦੀ ਮਿਹਨਤ, ਲਗਨ ਤੇ ਸਮਰਪਣ ਦਾ ਜਸ਼ਨ ਮਨਾਇਆ ਗਿਆ। ਕਾਲਜ ਦੇ ਡੀਨ ਡਾ. ਕੁਲਦੀਪ ਗੁਪਤਾ ਨੇ ਮੁੱਖ ਮਹਿਮਾਨ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਸਵਾਗਤ ਕੀਤਾ। ਆਪਣੇ ਸੰਬੋਧਨ ਵਿਚ ਡਾ. ਗੁਪਤਾ ਨੇ ਵਿਦਿਆਰਥੀਆਂ ਦੀ ਅਕਾਦਮਿਕ ਤੇ ਹੋਰ ਗਤੀਵਿਧੀਆਂ ਵਿਚ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਉੱਚ ਨੈਤਿਕ ਮਿਆਰਾਂ ਤੇ ਪੇਸ਼ੇਵਰ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਮੁੱਖ ਮਹਿਮਾਨ ਡਾ. ਗਿੱਲ ਨੇ ਗ੍ਰੈਜੂਏਟਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਪੇਸ਼ੇਵਰ ਜ਼ਿੰਮੇਵਾਰੀਆਂ ਦੇ ਨਾਲ ਨਿੱਜੀ ਤੰਦਰੁਸਤੀ ਨੂੰ ਸੰਤੁਲਿਤ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ। ਸਮਾਰੋਹ ਦੇ ਅੰਤ ‘ਤੇ ਡਾ. ਯਸ਼ਵੰਤ ਸਿੰਘ ਵੱਲੋਂ ਧੰਨਵਾਦ ਮਤਾ ਪੇਸ਼ ਕੀਤਾ ਗਿਆ। ਇਸ ਮੌਕੇ ਕਾਲਜ ਦੇ ਫੈਕਲਟੀ ਮੈਂਬਰਾਂ ਤੇ ਸਟਾਫ਼ ਨੇ ਵੀ ਹਾਜ਼ਰੀ ਭਰੀ। ਅਕਾਦਮਿਕ ਉੱਤਮਤਾ ਲਈ ਕੈਰਸ ਲੈਬੋਰੇਟਰੀਜ਼ ਪ੍ਰਾਈਵੇਟ ਲਿਮਟਿਡ ਵੱਲੋਂ ਵਿਦਿਆਰਥੀਆਂ ਨੂੰ ਨਕਦ ਇਨਾਮ ਦਿੱਤੇ ਗਏ। ਪਹਿਲਾ ਸਥਾਨ ਹਾਸਲ ਕਰਨ ਵਾਲੇ ਡਾ. ਜੈ ਸਿੰਘ ਨੂੰ 51,000 ਰੁਪਏ, ਦੂਜੇ ਸਥਾਨ ‘ਤੇ ਰਹੇ ਡਾ. ਮਹਿਕਪ੍ਰੀਤ ਸਿੰਘ ਨੂੰ 31,000 ਰੁਪਏ ਅਤੇ ਤੀਜੇ ਸਥਾਨ ‘ਤੇ ਰਹੀ ਡਾ. ਤਾਨਿਆ ਮੁੰਜਾਲ ਨੂੰ 21,000 ਰੁਪਏ ਨਾਲ ਸਨਮਾਨਿਤ ਕੀਤਾ ਗਿਆ।