ਸਰਪੰਚ ਖ਼ਿਲਾਫ਼ ਪਰਚੇ ਵਿਰੁੱਧ ਕਾਂਗਰਸ ਵੱਲੋਂ ਧਰਨਾ ਅੱਜ
ਸਰਪੰਚ ਖ਼ਿਲਾਫ਼ ਪਰਚੇ ਵਿਰੁੱਧ ਕਾਂਗਰਸ ਵੱਲੋਂ ਰੋਸ ਧਰਨਾ ਅੱਜ
Publish Date: Wed, 15 Apr 2026 05:05 PM (IST)
Updated Date: Thu, 16 Apr 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਗਤਾ ਭਾਈਕਾ : ਬੀਤੇ ਦਿਨੀ ਪੁਲਿਸ ਵੱਲੋਂ ਪਿੰਡ ਸਲਾਬਤਪੁਰਾ ਦੇ ਮੌਜੂਦਾ ਨੌਜਵਾਨ ਸਰਪੰਚ ਅਮਨਦੀਪ ਸਿੰਘ ਸਲਾਬਤਪੁਰਾ ਅਤੇ ਚਾਰ ਔਰਤਾਂ ਸਮੇਤ 15 ਵਿਅਕਤੀਆਂ ਖ਼ਿਲਾਫ਼ ਦਰਜ ਕੀਤੇ ਪਰਚੇ ਦੇ ਵਿਰੋਧ ’ਚ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ 16 ਅਪ੍ਰੈਲ ਨੂੰ ਪਿੰਡ ਸਲਾਬਤਪੁਰਾ ਦੇ ਚੌਂਕ ਵਿਚ ਸਵੇਰੇ 10 ਵਜੇ ਰੋਸ ਧਰਨਾ ਦੇਣ ਦਾ ਐਲਾਨ ਕਰ ਦਿੱਤਾ ਹੈ। ਕਾਂਗੜ ਨੇ ਕਿਹਾ ਝੂਠਾ ਪਰਚਾ ਰੱਦ ਕਰਵਾਉਣ ਲਈ ਤਿੱਖੇ ਸੰਘਰਸ਼ ਤੋਂ ਗੁਰੇਜ਼ ਨਹੀ ਕੀਤਾ ਜਾਵੇਗਾ ਅਤੇ ਸੂਬਾ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਆਰੰਭ ਕਰਕੇ ਸਰਕਾਰ ਦੇ ਨੱਕ ਵਿਚ ਦਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਦੇ ਆਗੂਆਂ ਵੱਲੋਂ ਪੁਲਿਸ ਦੀ ਮੌਜੂਦਗੀ ਵਿਚ ਸਰਕਾਰੀ ਦਫ਼ਤਰ ਦੇ ਕਥਿਤ ਤਾਲੇ ਤੋੜਨਾ ਅਤੇ ਅਮਨਦੀਪ ਸਿੰਘ ਅਮਨਾ ਤੇ ਉਨ੍ਹਾਂ ਦੇ ਪਰਿਵਾਰ ’ਤੇ ਕਥਿਤ ਤੌਰ 'ਤੇ ਜਾਨਲੇਵਾ ਹਮਲਾ ਕਰਨਾ ਸਾਬਤ ਕਰਦਾ ਹੈ ਕਿ ਸੂਬੇ ਵਿਚ ਜੰਗਲ ਰਾਜ ਹੈ। ਪ੍ਰਸ਼ਾਸਨਿਕ ਧੱਕੇਸ਼ਾਹੀ ਅਤੇ ਨਜਾਇਜ਼ ਪਰਚਿਆਂ ਖ਼ਿਲਾਫ਼ ਹੁਣ ਚੁੱਪ ਰਹਿਣ ਦਾ ਵੇਲਾ ਨਹੀਂ। ਉਨ੍ਹਾਂ ਕਿਹਾ ਕਿ ਸਾਡੇ ਸਾਥੀਆਂ 'ਤੇ ਕੀਤੇ ਗਏ ਜਾਨ ਲੇਵਾ ਹਮਲੇ ਤੇ ਨਾਜਾਇਜ਼ ਪਰਚੇ ਸਾਨੂੰ ਡਰਾ ਨਹੀਂ ਸਕਦੇ, ਸਗੋਂ ਸਾਡੇ ਇਰਾਦਿਆਂ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਹਲਕੇ ਦੇ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ’ਚ ਸਲਾਬਤਪੁਰਾ ਚੌਕ ਵਿਖੇ ਪਹੁੰਚ ਕੇ ਸਰਕਾਰੀ ਜਬਰ ਦਾ ਮੂੰਹ ਤੋੜਵਾਂ ਜਵਾਬ ਦੇਣ।