ਕਣਕ ਦੀ ਖਰੀਦ ਨਾਂ ਹੋਣ ਕਾਰਨ ਭਾਕਿਯੂ ਉਗਰਾਹਾਂ ਵੱਲੋਂ ਸੂਬੇ ਭਰ ’ਚ ਰੋਸ ਵਿਖਾਵਾ ਅੱਜ
ਕਣਕ ਦੀ ਖਰੀਦ ਨਾਂ ਹੋਣ ਕਾਰਨ ਬੀਕੇਯੂ ਉਗਰਾਹਾਂ ਵੱਲੋਂ ਸੂਬੇ ਭਰ ’ਚ ਪ੍ਰਦਰਸ਼ਨ 16 ਨੂੰ
Publish Date: Wed, 15 Apr 2026 04:54 PM (IST)
Updated Date: Thu, 16 Apr 2026 04:01 AM (IST)
-ਕਿਹਾ, ਜਾਣ ਬੁੱਝ ਕੇ ਕਣਕ ਦੀ ਖਰੀਦ ’ਤੇ ਲਾਈਆਂ ਸਖ਼ਤ ਸ਼ਰਤਾਂ, ਸਰਕਾਰ ਦੀ ਚੁੱਪੀ ’ਤੇ ਵੀ ਕੀਤੇ ਸਵਾਲ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਖਰੀਦ ਮਾਪ ਦੰਡਾਂ ’ਤੇ ਪੂਰਾ ਨਾਂ ਹੋਣ ਦੇ ਪੁਰਾਣੇ ਬਹਾਨੇ ਹੇਠ ਕਣਕ ਦੀ ਖਰੀਦ ਨਾ ਕਰਨ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 16 ਅਪ੍ਰੈਲ ਨੂੰ ਪੰਜਾਬ ਦੇ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਧਰਨੇ ਦੇਣ ਦਾ ਐਲਾਨ ਕੀਤਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਇਸ ਸਾਲ ਭਾਰੀ ਮੀਂਹ, ਝੱਖੜ ਅਤੇ ਹਨੇਰੀ ਨੇ ਕਣਕ ਦੀ ਫਸਲ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ। ਅੱਗ ਲੱਗਣ ਕਾਰਨ ਸੈਂਕੜੇ ਏਕੜ ਕਣਕ ਦੀ ਫਸਲ ਸੜ ਕੇ ਸਵਾਹ ਹੋ ਗਈ ਹੈ ਅਤੇ ਹਰ ਵੇਲੇ ਉਕਤ ਘਟਨਾਵਾਂ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਹੁਣ ਜਿਹੜੀ ਕਣਕ ਦੀ ਫਸਲ ਪੱਕ ਕੇ ਮੰਡੀਆਂ ਵਿੱਚ ਆ ਰਹੀ ਹੈ, ਉਸ ਦੀ ਖਰੀਦ ਨਾ ਹੋਣ ਕਰਕੇ ਦਾਣਾ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗ ਗਏ ਹਨ, ਕਿਉਂਕਿ ਕੇਂਦਰ ਸਰਕਾਰ ਵੱਲੋਂ ਖਰੀਦ ’ਤੇ ਲਾਈਆਂ ਸਖਤ ਸ਼ਰਤਾਂ ਕਾਰਨ ਖਰੀਦ ਏਜੰਸੀਆਂ ਨੇ ਕਣਕ ਖਰੀਦਣ ਤੋਂ ਇਨਕਾਰ ਕੀਤਾ ਹੈ। ਆਗੂਆਂ ਨੇ ਕਿਹਾ ਜਿਸ ਸਬੰਧੀ ਪੰਜਾਬ ਸਰਕਾਰ ਨੇ ਵੀ ਚੁੱਪ ਧਾਰੀ ਹੋਈ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਤਹਿਤ ਕੇਂਦਰ ਤੇ ਰਾਜ ਸਰਕਾਰਾਂ ਫਸਲਾਂ ਦੀ ਖਰੀਦ ’ਤੇ ਸਖਤ ਸ਼ਰਤਾਂ ਮੜ ਕੇ ਖਰੀਦ ਤੋਂ ਭੱਜਣ ਲਈ ਕਈ ਸਾਲਾਂ ਤੋਂ ਕੋਸ਼ਿਸ਼ਾਂ ਕਰ ਰਹੀਆਂ ਹਨ, ਪਰ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਮਿਹਨਤੀ ਲੋਕ ਜਥੇਬੰਦੀਆਂ ਦੇ ਸੰਘਰਸ਼ ਕਾਰਨ ਹਾਲੇ ਤਕ ਸਰਕਾਰੀ ਖਰੀਦ ਜਾਰੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੁਦਰਤੀ ਕਰੋਪੀ ਕਾਰਨ ਕਣਕ ਦੇ ਦਾਣੇ ਡੈਮੇਜ ਜਾਂ ਡਿਸਕਲਰ ਹੋਏ ਹਨ, ਉਨ੍ਹਾਂ ’ਤੇ ਸ਼ਰਤਾਂ ਖਤਮ ਜਾਂ ਨਰਮ ਕਰਕੇ ਕਿਸਾਨਾਂ ਨੂੰ ਰਾਹਤ ਤਾਂ ਕੀ ਦੇਣੀ ਸੀ, ਸਗੋਂ ਹੁਣ ਫਸਲ ਮੰਡੀ ਵਿੱਚ ਆਈ ਹੈ, ਉਸ ਨੂੰ ਵੀ ਨਾਂ ਖਰੀਦ ਕੇ ਕਿਸਾਨਾਂ ਨੂੰ 10 ਦਿਨ੍ਹਾਂ ਤੋਂ ਵੱਧ ਸਮੇਂ ਤੋਂ ਮੰਡੀਆਂ ਵਿਚ ਰੋਲਿਆ ਜਾ ਰਿਹਾ ਹੈ ਅਤੇ ਕਿਸਾਨਾਂ ਤੋਂ ਹੱਥ ਖੜੇ ਕਰਾ ਕੇ ਜਮੀਨਾਂ ਖੋਹਣ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਣਕ ਦੀ ਖਰੀਦ ’ਤੇ ਲਾਈਆਂ ਬੇਲੋੜੀਆਂ ਸ਼ਰਤਾਂ ਖਤਮ ਕਰਕੇ ਤੁਰੰਤ ਸਾਰੀ ਕਣਕ ਦੀ ਖਰੀਦ ਪੂਰੇ ਸਰਕਾਰੀ ਭਾਅ ’ਤੇ ਸੁਰੂ ਕੀਤੀ ਜਾਵੇ। ਕਿਸਾਨ ਆਗੂਆਂ ਨੇ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਫਸਲਾਂ ਦੀ ਰਾਖੀ ਲਈ 16 ਅਪ੍ਰੈਲ ਨੂੰ ਵੱਧ ਤੋਂ ਵੱਧ ਧਰਨੇ ਵਿਚ ਸ਼ਮੂਲੀਅਤ ਕਰਨ।