ਜ਼ਿਲ੍ਹੇ ’ਚ ਵੱਖ-ਵੱਖ ਪਾਬੰਦੀਆਂ ਲਾਗੂ
ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਲਾਗੂ
Publish Date: Wed, 15 Apr 2026 04:41 PM (IST)
Updated Date: Thu, 16 Apr 2026 04:00 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਮੈਜਿਸਟ੍ਰੇਟ ਬਠਿੰਡਾ ਰਾਜੇਸ਼ ਧੀਮਾਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਬਠਿੰਡਾ ਜ਼ਿਲ੍ਹੇ ਦੀ ਹਦੂਦ ਅੰਦਰ ਜੋ ਟਰੈਕਟਰ-ਟਰਾਲੀ ਤੇ ਹੋਰ ਆਵਾਜਾਈ ਦੇ ਸਾਧਨ ਜਿਸ ਰਾਹੀਂ ਬਰੇਤੀ/ਮਿੱਟੀ ਆਦਿ ਦੀ ਢੋਆ-ਢੁਆਈ ਕੀਤੀ ਜਾਂਦੀ ਹੈ ਤੇ ਬਰੇਤੀ/ਮਿੱਟੀ ਆਦਿ ਦੀ ਟਰਾਲੀ ਨੂੰ ਬਿਨਾਂ ਕਵਰ ਕੀਤੇ ਇੱਧਰ-ਉੱਧਰ ਲੈ ਕੇ ਜਾਣ 'ਤੇ ਪੂਰਨ ਰੋਕ ਲਗਾਈ ਜਾਂਦੀ ਹੈ। ਜਾਰੀ ਹੁਕਮ ਅਨੁਸਾਰ ਜ਼ਿਲ੍ਹਾ ਬਠਿੰਡਾ ਦੀ ਹਦੂਦ ਅੰਦਰ ਨਾਇਲੋਨ, ਪਲਾਸਟਿਕ ਜਾਂ ਸਿੰਥੈਟਿਕ ਮਟੀਰੀਅਲ ਤੋਂ ਬਣੇ ਪਤੰਗ ਉਡਾਉਣ ਵਾਲੇ ਧਾਗੇ (ਚਾਇਨਾ ਡੋਰ) ਨੂੰ ਬਣਾਉਣ, ਵੇਚਣ, ਸਟੋਰ ਕਰਨ, ਖਰੀਦਣ, ਸਪਲਾਈ ਕਰਨ, ਆਯਾਤ ਕਰਨ ਤੇ ਵਰਤੋਂ ਕਰਨ 'ਤੇ ਪੂਰਨ ਪਾਬੰਦੀ ਲਾਈ ਹੈ। ਇਕ ਹੋਰ ਹੁਕਮ ਅਨੁਸਾਰ ਬਠਿੰਡਾ ਜ਼ਿਲ੍ਹੇ ਵਿਚ ਕੈਪਸੂਲ ਤੇ ਟੈਬਲੇਟ(75 ਮਿਲੀਗ੍ਰਾਮ ਤੋਂ ਵੱਧ ਫਾਰਮੂਲੇਸ਼ਨ) ਦੇ ਸਟਾਕਿੰਗ ਤੇ ਵਿਕਰੀ ’ਤੇ ਪਾਬੰਦੀ ਲਾ ਦਿੱਤੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਕਮ ਦਿੱਤੇ ਹਨ ਕਿ ਥੋਕ ਵਪਾਰੀ, ਖੁਦਰਾ ਵਿਕ੍ਰੇਤਾ, ਕੈਮਿਸਟ/ਮੈਡੀਕਲ ਸਟੋਰ ਮਾਲਕ, ਹਸਪਤਾਲਾਂ ’ਚ ਫਾਰਮੇਸੀ ਜਾਂ ਕੋਈ ਵੀ ਹੋਰ ਵਿਅਕਤੀ ਅਸਲ ਪ੍ਰੈਸਕ੍ਰਿਪਸ਼ਨ ਸਲਿੱਪ ਤੋਂ ਬਿਨਾਂ ਪ੍ਰੈਗਾਬਾਲਿਨ 75 ਮਿਲੀਗ੍ਰਾਮ ਨਹੀਂ ਵੇਚੇਗਾ। ਵਿਕ੍ਰੇਤਾਵਾਂ ਨੂੰ ਖਰੀਦ ਤੇ ਵਿਕਰੀ ਦਾ ਢੁਕਵਾਂ ਰਿਕਾਰਡ ਰੱਖਣਾ ਹੋਵੇਗਾ। ਉਨ੍ਹਾਂ ਨੂੰ ਅਸਲ ਪ੍ਰੈਸਕ੍ਰਿਪਸ਼ਨ ਸਲਿੱਪ ਤੇ ਕੈਮਿਸਟ/ ਰਿਟੇਲਰ ਦਾ ਨਾਮ, ਵਿਕਰੀ ਦੀ ਤਾਰੀਖ, ਵੇਚੀਆਂ ਹੋਈਆਂ ਟੈਬਲਟਾਂ ਦੀ ਗਿਣਤੀ ਵਾਲਾ ਸਟੈਂਪ ਲਗਾਉਣਾ ਹੋਵੇਗਾ। ਸਾਰੇ ਤਰ੍ਹਾਂ ਦੀ ਵਿਕਰੀ ਸਿਰਫ਼ ਪ੍ਰੈਸਕ੍ਰਿਪਸ਼ਨ ਸਲਿੱਪ ਦੇ ਅਧਾਰ 'ਤੇ ਹੀ ਕੀਤੀ ਜਾਵੇਗੀ। ਉਹ ਇਹ ਵੀ ਯਕੀਨੀ ਬਣਾਉਣਗੇ ਕਿ ਵੰਡੀ ਜਾ ਰਹੀਆਂ ਟੈਬਲਟਾਂ/ਕੈਪਸੂਲਾਂ ਦੀ ਗਿਣਤੀ ਪ੍ਰੈਸਕ੍ਰਿਪਸ਼ਨ ਦੀ ਮਿਆਦ ਤੋਂ ਵੱਧ ਨਾ ਹੋਵੇ। ਇਸ ਹੁਕਮ ’ਚ ਬਠਿੰਡਾ ਸਿਵਲ ਹਸਪਤਾਲ ਵਿਖੇ ਚੱਲ ਰਹੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਮੈਡੀਕਲ ਸਟੋਰ ਦੀ ਵਿਕਰੀ ਨੂੰ ਢਿਲਾਈ ਦਿੱਤੀ ਗਈ ਹੈ। ਰੈਡ ਕਰਾਸ ਸਕੱਤਰ ਯਕੀਨੀ ਬਣਾਉਣਗੇ ਕਿ ਸਾਰੇ ਫਾਰਮੂਲੇਸ਼ਨਾਂ ਵਾਲੇ ਪ੍ਰੈਗਾਬਾਲਿਨ ਦੀ ਖ਼ਰੀਦ/ਵਿਕਰੀ ਦਾ ਢੁੱਕਵਾਂ ਰਿਕਾਰਡ ਰੱਖਿਆ ਜਾਵੇ ਤੇ ਇਸ ਹੁਕਮ ਦੇ ਬਾਕੀ ਹੁਕਮਾਂ ਦਾ ਪਾਲਣ ਕੀਤਾ ਜਾਵੇ। ਇਸ ਹੁਕਮ ਦਾ ਉਲੰਘਣਾ ਭਾਰਤੀ ਨਿਆ ਸੰਹਿਤਾ 2023 ਦੀ ਧਾਰਾ 223 ਅਨੁਸਾਰ ਸਖ਼ਤੀ ਨਾਲ ਨਿਪਟੀ ਜਾਵੇਗੀ। ਜ਼ਿਲ੍ਹਾ ਬਠਿੰਡਾ ਦੀ ਹੱਦ ’ਚ ਟਰੈਕਟਰ ਤੇ ਸਬੰਧਤ ਸੰਦਾਂ ਆਦਿ ਦੇ ਖਤਰਨਾਕ ਪ੍ਰਦਰਸ਼ਨ/ਸਟੰਟ ਕਰਨ ਨੂੰ ਆਯੋਜਿਤ ਕਰਨ ’ਤੇ ਪੂਰਨ ਰੋਕ ਲਗਾਈ ਗਈ ਹੈ। ਇਹ ਹੁਕਮ 9 ਜੂਨ 2025 ਤਕ ਲਾਗੂ ਰਹੇਗਾ।