ਸਹੂਲਤਾਂ ਨਾ ਮਿਲਣ ’ਤੇ ਪ੍ਰਬੰਧਕ ਖ਼ਿਲਾਫ਼ ਰੋਸ ਵਿਖਾਵਾ
ਵਿਰਾਟ ਗ੍ਰੀਨ ਕਲੋਨੀ ਵਿਚ ਸੁਵਿਧਾਵਾਂ ਨਾ ਮਿਲਣ ਕਾਰਨ ਪ੍ਰਬੰਧਕ ਖ਼ਿਲਾਫ਼ ਜਤਾਇਆ ਰੋਸ
Publish Date: Tue, 14 Apr 2026 07:20 PM (IST)
Updated Date: Wed, 15 Apr 2026 04:13 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਵਿਰਾਟ ਗ੍ਰੀਨ ਕਲੋਨੀ ਮੁਲਤਾਨੀਆ ਰੋਡ ’ਤੇ ਸਥਿਤ ਵਸਨੀਕਾਂ ਨੇ ਕਲੋਨੀ ਮੈਨੇਜਰ ਵੱਲੋਂ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਵਿਰੋਧ ਵਿਚ ਇਕ ਮੀਟਿੰਗ ਕੀਤੀ। ਮੀਟਿੰਗ ਦੌਰਾਨ ਵਸਨੀਕਾਂ ਨੇ ਸੁਰੱਖਿਆ ਅਤੇ ਬੁਨਿਆਦੀ ਸਹੂਲਤਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਉਭਾਰਿਆ। ਵਿਰਾਟ ਗ੍ਰੀਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਨਛੱਤਰ ਸਿੰਘ ਨੇ ਕਿਹਾ ਕਿ ਕਲੋਨੀ ਨੂੰ ਬਣੇ 13 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ, ਪਰ ਅਜੇ ਤਕ ਕਈ ਬੁਨਿਆਦੀ ਸਹੂਲਤਾਂ ਪੂਰੀਆਂ ਨਹੀਂ ਹੋਈਆਂ। ਉਨ੍ਹਾਂ ਦੋਸ਼ ਲਾਇਆ ਕਿ ਕਾਲੋਨੀ ਮੈਨੇਜਰ ਪੁਰਾਣੇ ਵਾਅਦੇ ਪੂਰੇ ਕਰਨ ਦੀ ਬਜਾਏ ਨਵੇਂ ਵਿਵਾਦ ਖੜੇ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਮਾਰਕੀਟ ਨਿਰਮਾਣ ਦੇ ਨਾਮ ‘ਤੇ ਸਾਹਮਣੇ ਵਾਲੀ ਚਾਰਦੀਵਾਰੀ ਢਾਹ ਦਿੱਤੀ ਗਈ, ਜਿਸ ਨਾਲ ਕਲੋਨੀ ਦੀ ਸੁਰੱਖਿਆ ਪ੍ਰਭਾਵਿਤ ਹੋਈ। ਇਸ ਕਾਰਨ ਉਕਤ ਘਰਾਂ ਦੇ ਨਿਵਾਸੀਆਂ ਵਿਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਸੁਸਾਇਟੀ ਦੇ ਸਲਾਹਕਾਰ ਗੁਰਸੇਵਕ ਸਿੰਘ ਨੇ ਕਿਹਾ ਕਿ ਕਲੱਬ ਹਾਊਸ ਨਾਲ ਸਬੰਧਤ ਮਾਮਲਾ ਪਹਿਲਾਂ ਹੀ ਅਦਾਲਤ ਵਿਚ ਵਿਚਾਰ ਅਧੀਨ ਹੈ। ਉਨ੍ਹਾਂ ਦੋਸ਼ ਲਾਇਆ ਕਿ ਚਾਰ ਮਹੀਨੇ ਪਹਿਲਾਂ ਮੈਨੇਜਰ ਨੇ ਕਲੋਨੀ ਦੀ ਪਿਛਲੀ ਕੰਧ ਨਾਲ ਲੱਗਦੀ ਜ਼ਮੀਨ ਖਰੀਦ ਕੇ ਇੱਕ ਗੈਰ-ਕਾਨੂੰਨੀ ਕਲੋਨੀ ਵਿਕਸਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਵਸਨੀਕਾਂ ਦੇ ਵਿਰੋਧ ਕਾਰਨ ਇਹ ਯਤਨ ਰੋਕ ਦਿੱਤਾ ਗਿਆ। ਜਨਰਲ ਸਕੱਤਰ ਸੁਰੇਸ਼ ਸ਼ਿਓਰਾਨ ਨੇ ਕਿਹਾ ਕਿ ਰੋਸ ਵਿਖਾਵੇ ਤੋਂ ਬਾਅਦ ਕਲੋਨੀ ਮੈਨੇਜਰ ਨੇ ਆਪਣਾ ਦਫ਼ਤਰ ਤਬਦੀਲ ਕਰ ਲਿਆ ਹੈ ਅਤੇ ਨਿਵਾਸੀਆਂ ਨਾਲ ਸਿੱਧਾ ਸੰਪਰਕ ਕਰਨ ਤੋਂ ਬਚ ਰਹੇ ਹਨ। ਨਿਵਾਸੀਆਂ ਨੇ ਆਪਣੀਆਂ ਮੁੱਖ ਮੰਗਾਂ ਵਿਚ ਪੂਰੀ ਚਾਰਦੀਵਾਰੀ, ਕਲੱਬ ਹਾਊਸ ਦੀ ਉਸਾਰੀ, ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਮੁਰੰਮਤ ਅਤੇ ਖੇਡ ਮੈਦਾਨ ਬਣਾਉਣ ਦੀ ਮੰਗ ਰੱਖੀ। ਇਨ੍ਹਾਂ ਮੰਗਾਂ ਸੰਬੰਧੀ ਰੇਰਾ, ਡੀਸੀ, ਐਸਐਸਪੀ ਅਤੇ ਬੀਡੀਏ ਸਮੇਤ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਭੇਜੀਆਂ ਗਈਆਂ ਹਨ। ਇਸ ਮੌਕੇ ਸਾਬਕਾ ਮੁਖੀ ਸੁਖਵਿੰਦਰ ਸਿੰਘ, ਰਾਜ ਸਿੰਘ, ਦਵਿੰਦਰ ਪਾਲ ਸਿੰਘ, ਨਰਿੰਦਰ ਸ਼ਰਮਾ, ਸੁਭਾਸ਼ ਚੰਦਰ, ਗੁਰਜੰਟ ਸਿੰਘ, ਸਤਪਾਲ ਸਿੰਘ, ਮਨੋਜ ਕੁਮਾਰ, ਡਾ. ਹਰਵਿੰਦਰ ਸਿੰਘ, ਡਾ. ਐਸਕੇ ਸਿੰਘ ਅਤੇ ਹੋਰ ਨਿਵਾਸੀ ਹਾਜ਼ਰ ਸਨ।