ਜ਼ਿਲ੍ਹੇ 'ਚ ਚੋਰੀ ਦੇ 4 ਮਾਮਲੇ ਦਰਜ, ਦੋ ਗ੍ਰਿਫ਼ਤਾਰ
ਜ਼ਿਲ੍ਹੇ 'ਚ ਚੋਰਾਂ ਦਾ ਕਹਿਰ ਜਾਰੀ,ਚੋਰੀ ਦੇ 4 ਮਾਮਲੇ ਦਰਜ, 2 ਗ੍ਰਿਫ਼ਤਾਰ
Publish Date: Tue, 14 Apr 2026 06:41 PM (IST)
Updated Date: Wed, 15 Apr 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਅੰਦਰ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਪੁਲਿਸ ਨੇ ਲੰਘੇ 24 ਘੰਟਿਆਂ ਦੌਰਾਨ ਵੱਖ-ਵੱਖ ਥਾਣਿਆਂ ’ਚ 4 ਮੁਕੱਦਮੇ ਦਰਜ ਕਰਕੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਮਾਮਲਿਆਂ ਵਿਚ ਚੋਰੀ ਕੀਤੇ 5 ਮੋਟਰਸਾਈਕਲ, ਮੋਬਾਈਲ ਫੋਨ ਤੇ ਭਾਰੀ ਮਾਤਰਾ ਵਿਚ ਅਨਾਜ ਦੇ ਗੱਟੇ ਬਰਾਮਦ ਹੋਏ ਹਨ, ਜਦਕਿ 5 ਤੋਂ ਵੱਧ ਕਥਿਤ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਮੁਖਬਰੀ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਮੋਟਰਸਾਈਕਲ ਤੇ ਖੇਤਾਂ 'ਚੋਂ ਸਾਮਾਨ ਚੋਰੀ ਕਰਨ ਵਾਲੇ ਗਿਰੋਹ ਦੇ ਹੈਪੀ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 5 ਮੋਟਰਸਾਈਕਲ ਤੇ 2 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। ਇਸ ਮਾਮਲੇ ’ਚ ਨਾਮਜ਼ਦ ਦੋ ਹੋਰ ਕਥਿਤ ਦੋਸ਼ੀ ਕੁਲਦੀਪ ਸਿੰਘ ਤੇ ਬਿੱਟੂ ਸਿੰਘ ਅਜੇ ਫਰਾਰ ਦੱਸੇ ਜਾ ਰਹੇ ਹਨ। ਇਸੇ ਤਰ੍ਹਾਂ ਇਕ ਹੋਰ ਮਾਮਲੇ ’ਚ ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਇਕ ਫੈਕਟਰੀ ਵਿੱਚੋਂ ਤਾਂਬੇ ਦੀ ਡਿਸਕ ਚੋਰੀ ਕਰਨ ਦੇ ਦੋਸ਼ ਹੇਠ ਕਥਿਤ ਦੋਸ਼ੀ ਸੁਰਜੀਵਨ ਲਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਫੈਕਟਰੀ ਮਾਲਕ ਸੁਨੀਲ ਗਰਗ ਨੇ ਬਿਆਨ ਦਿੱਤਾ ਕਿ ਇਹ ਚੋਰੀ 7 ਅਪ੍ਰੈਲ ਨੂੰ ਮਸ਼ੀਨ ਵਿੱਚੋਂ ਕੀਤੀ ਗਈ ਸੀ। ਇਸੇ ਤਰ੍ਹਾਂ ਥਾਣਾ ਨੰਦਗੜ੍ਹ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਆਯੁਰ ਪਾਵਰ ਪ੍ਰਾਈਵੇਟ ਲਿਮਟਿਡ ਦੇ ਸਾਈਟ ਮੈਨੇਜਰ ਜਾਵੇਦ ਅਖਤਰ ਨੇ ਦੱਸਿਆ ਕਿ ਕਥਿਤ ਦੋਸ਼ੀ ਗੁਰਸੇਵਕ ਸਿੰਘ ਤੇ ਸੁਖਵੰਤ ਸਿੰਘ ਉਨ੍ਹਾਂ ਦੀ ਸਾਈਟ ਤੋਂ ਕਰੀਬ 40-45 ਸੋਲਰ ਪਲੇਟਾਂ ਤੇ 170 ਮੀਟਰ ਕੇਬਲ ਤਾਰ ਚੋਰੀ ਕਰਕੇ ਲੈ ਗਏ ਹਨ। ਇਸੇ ਤਰ੍ਹਾਂ ਥਾਣਾ ਰਾਮਾ ਵਿਖੇ ਦਰਜ ਕਰਵਾਏ ਬਿਆਨਾਂ ਵਿਚ ਸੁਰੇਸ਼ ਕੁਮਾਰ ਨੇ ਦੱਸਿਆ ਕਿ ਰਾਮਾ ਮੰਡੀ ਬਾਈਪਾਸ ਸਥਿਤ ਉਨ੍ਹਾਂ ਦੀ ਫਰਮ ਵਿੱਚੋਂ ਅਣਪਛਾਤੇ ਵਿਅਕਤੀਆਂ ਵੱਲੋਂ ਝੋਨੇ ਤੇ ਕਣਕ ਦੇ ਬੀਜਾਂ ਦੇ ਕੁੱਲ 266 ਗੱਟੇ ਚੋਰੀ ਕਰ ਲਏ ਹਨ। ਪੁਲਿਸ ਨੇ ਸਾਰੇ ਮਾਮਲਿਆਂ ਵਿਚ ਕੇਸ ਦਰਜ ਕਰ ਲਏ ਹਨ ਤੇ ਫਰਾਰ ਕਥਿਤ ਦੋਸ਼ੀਆਂ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।