ਘੁੱਦਾ ਵਿਖੇ ਲਾਇਆ ਕਿਸਾਨ ਸਿਖਲਾਈ ਕੈਂਪ
ਘੁੱਦਾ ਵਿਚ ਕਿਸਾਨ ਸਿਖਲਾਈ ਕੈਂਪ ਲਾਇਆ
Publish Date: Tue, 14 Apr 2026 05:00 PM (IST)
Updated Date: Wed, 15 Apr 2026 04:04 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਦੇ ਜ਼ਿਲ੍ਹਾ ਸਿਖਲਾਈ ਅਫਸਰ ਵਿੰਗ ਬਠਿੰਡਾ ਵੱਲੋਂ ਡਾ. ਪ੍ਰਭਜੋਤ ਕੌਰ ਜ਼ਿਲ੍ਹਾ ਸਿਖਲਾਈ ਅਫਸਰ ਬਠਿੰਡਾ ਦੀ ਅਗਵਾਈ ਵਿਚ ਬਲਾਕ ਸੰਗਤ ਦੇ ਪਿੰਡ ਘੁੱਦਾ ਵਿਖੇ ਬਲਾਕ ਖੇਤੀਬਾੜੀ ਅਫ਼ਸਰ ਲਵਪ੍ਰੀਤ ਕੌਰ ਦੇ ਸਹਿਯੋਗ ਕਿਸਾਨ ਸਿਖਲਾਈ ਕੈਂਪ ਲਾਇਆ। ਕੈਂਪ ਦੀ ਸ਼ੁਰੂਆਤ ਕਰਦਿਆਂ ਡਾ. ਜਸਵਿੰਦਰ ਕੌਰ ਏਡੀਓ (ਟ੍ਰੇਨਿੰਗ) ਬਠਿੰਡਾ ਨੇ ਨਰਮੇ ਦੀ ਫਸਲ ਦੀ ਬਿਜਾਈ 15 ਮਈ ਤੋਂ ਪਹਿਲਾਂ ਕਰਨ ਬਾਰੇ ਕਿਹਾ ਤੇ ਬਿਜਾਈ ਸਮੇਂ ਡੂੰਘੀ ਵਹਾਈ ਅਤੇ ਭਰਮੀ ਰੌਣੀ ਸਬੰਧੀ ਖਾਦਾਂ ਤੇ ਨਦੀਨਨਾਸ਼ਕਾਂ ਦੀ ਸੁਚੱਜੀ ਵਰਤੋ ਚਿੱਟੀ ਮੱਖੀ ਤੇ ਹੋਰ ਰਸ ਚੂਸਕ ਕੀੜਿਆਂ ਦਾ ਕੰਟਰੋਲ, ਗੁਲਾਬੀ ਸੁੰਡੀ ਦੇ ਸਰਵੇਖਣ, ਹਮਲੇ ਤੇ ਰੋਕਥਾਮ ਬਾਰੇ ਜਰੂਰੀ ਨੁਕਤੇ ਸਾਂਝੇ ਕੀਤੇ। ਪੰਜਾਬ ਸਰਕਾਰ ਵੱਲੋਂ ਨਰਮੇ ਦੇ ਬੀਜ ’ਤੇ ਮਿਲ ਰਹੀ 33 ਫੀਸਦੀ ਸਬਸਿਡੀ ਬਾਰੇ ਦੱਸਿਆ ਤੇ ਪੰਜਾਬ ਖੇਤੀਬਾੜੀ ’ਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਵੱਲੋਂ ਜਾਰੀ ਕੀਤੀਆਂ ਕਿਸਮਾਂ ਅਤੇ ਹਾਈਬ੍ਰੀਡਾਂ ਅਤੇ ਨਵੀਂ ਰਿਲੀਜ਼ ਹੋਈ ਦੇਸੀ ਕਪਾਹ ਦੀ ਕਿਸਮ ਪੀਬੀਡੀ 88 ਦੀ ਬਿਜਾਈ ਕਰਨ ਦੀ ਸਲਾਹ ਦਿੱਤੀ। ਡਾ. ਯਾਦਵੀਰ ਕੌਰ ਏਡੀਓ ਬਠਿੰਡਾ ਨੇ ਕਿਸਾਨਾਂ ਨੂੰ ਕਣਕ ਦੀ ਫਸਲ ਦੀ ਵਾਢੀ ਤੋਂ ਬਾਅਦ ਕਣਕ ਦੇ ਬੀਜ ਦੀ ਸੰਭਾਲ ਲਈ ਜਾਗਰੂਕ ਕੀਤਾ ਅਤੇ ਨਾਲ ਹੀ ਕਿਸਾਨਾਂ ਨੂੰ ਵਾਢੀ ਦੌਰਾਨ ਖੇਤਾਂ ਵਿੱਚ ਖੰਭੇ ਤੇ ਟਾਵਰਾਂ ਤੋਂ ਲੱਗਣ ਵਾਲੀ ਅੱਗ ਤੋਂ ਸੁਚੇਤ ਕਰਦਿਆਂ ਕਿਹਾ ਕਿ ਖੇਤਾਂ ਵਿਚ ਲੱਗੇ ਖੰਬਿਆਂ ਦੀਆਂ ਢਿੱਲੀਆਂ ਤਾਰਾਂ ਕੱਸ ਲਈਆਂ ਜਾਣ, ਤਾਂ ਜੋ ਸਪਾਰਕਿੰਗ ਨਾਲ ਖੇਤਾਂ ਵਿਚ ਅੱਗ ਨਾ ਲੱਗੇ। ਇਸ ਤੋਂ ਇਲਾਵਾ ਝੋਨੇ ਦੀ ਨਵੀਂ ਆਈ ਕਿਸਮ ਪੀਆਰ 133 ਸਬੰਧੀ ਕੈਂਪ ਵਿਚ ਚਾਨਣਾ ਪਾਇਆ ਗਿਆ। ਮਿੱਟੀ ਪਾਣੀ ਪਰਖ ਕਰਵਾਉਣ ਲਈ ਕਿਸਾਨਾਂ ਨੂੰ ਅਪੀਲ ਕੀਤੀ, ਤਾਂ ਜੋ ਖਾਦਾਂ ਦੀ ਸੁਚੱਜੀ ਵਰਤੋਂ ਹੋਵੇ। ਡਾ. ਯਾਦਵੀਰ ਵਲੋਂ ਝੋਨੇ ਦੀ ਪਨੀਰੀ ਦੀ ਬਜਾਈ ਦੇ ਸਹੀ ਸਮੇਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ। ਕੈਂਪ ਵਿੱਚ ਲਗਭਗ 50 ਕਿਸਾਨਾਂ ਨੇ ਭਾਗ ਲਿਆ ਅਤੇ ਖੇਤੀ ਸਮੱਸਿਆਵਾਂ ਕੈਂਪ ਵਿਚ ਸਾਂਝੀਆਂ ਕੀਤੀਆਂ।