ਮੁੱਖ ਮੰਤਰੀ ਤੀਰਥ ਯਾਤਰਾ ਤੋਂ ਸੂਬੇ ਦੇ ਬਜ਼ੁਰਗ ਖੁਸ਼ : ਜਤਿੰਦਰ ਭੱਲਾ
ਮੁੱਖ ਮੰਤਰੀ ਤੀਰਥ ਯਾਤਰਾ ਤੋਂ ਸੂਬੇ ਦੇ ਬਜ਼ੁਰਗ ਖੁਸ਼,
Publish Date: Tue, 14 Apr 2026 04:33 PM (IST)
Updated Date: Wed, 15 Apr 2026 04:03 AM (IST)

-ਕਿਹਾ, ਸਮੁੱਚੇ ਬਜ਼ੁਰਗ ਮੁੱਖ ਮੰਤਰੀ ਨੂੰ ਦੇ ਰਹੇ ਨੇ ਅਸੀਸਾਂ, ਪਿੰਡ ਮਲੂਕਾ ਤੋਂ ਧਾਰਮਿਕ ਸਥਾਨਾਂ ਲਈ ਬੱਸ ਰਵਾਨਾ ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਨੇ ਨੇੜਲੇ ਪਿੰਡ ਮਲੂਕਾ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ਼ਰਧਾਲੂਆਂ ਦੀ ਬੱਸ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਹਰੀ ਝੰਡੀ ਦਿਖਾ ਕੇ ਬੱਸ ਨੂੰ ਰਵਾਨਾ ਕੀਤਾ ਅਤੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਹ ਯਾਤਰਾ ਪੰਜਾਬ ਸਰਕਾਰ ਦੀ ਉਸ ਯੋਜਨਾ ਦਾ ਹਿੱਸਾ ਹੈ, ਜਿਸਦਾ ਮਕਸਦ ਰਾਜ ਦੇ ਲੋਕਾਂ, ਖਾਸ ਕਰਕੇ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣਾ ਹੈ, ਤਾਂ ਜੋ ਉਹ ਆਤਮਿਕ ਸ਼ਾਂਤੀ ਤੇ ਧਾਰਮਿਕ ਅਨੁਭਵ ਪ੍ਰਾਪਤ ਕਰ ਸਕਣ। ਇਸ ਮੌਕੇ ਚੇਅਰਮੈਨ ਭੱਲਾ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਪੰਜਾਬ ਦੇ ਲੋਕਾਂ ਲਈ ਬਹੁਤ ਲਾਭਦਾਇਕ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਰਧਾਲੂ ਇਸ ਯੋਜਨਾ ਦਾ ਲਾਭ ਲੈ ਰਹੇ ਹਨ ਅਤੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਕੇ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਖਾਸ ਕਰਕੇ ਬਜ਼ੁਰਗ ਵਰਗ ਇਸ ਸਕੀਮ ਤੋਂ ਬਹੁਤ ਪ੍ਰਭਾਵਿਤ ਹੈ ਕਿਉਂਕਿ ਉਮਰ ਦੇ ਇਸ ਪੜਾਅ ਵਿਚ ਉਨ੍ਹਾਂ ਲਈ ਦੂਰ ਦਰਾਜ਼ ਦੇ ਤੀਰਥ ਸਥਾਨਾਂ ਤਕ ਜਾਣਾ ਮੁਸ਼ਕਲ ਹੁੰਦਾ ਹੈ, ਪਰ ਇਸ ਸਰਕਾਰੀ ਯੋਜਨਾ ਰਾਹੀਂ ਉਨ੍ਹਾਂ ਦੀ ਇਹ ਇੱਛਾ ਪੂਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਲਈ ਦਿਲੋਂ ਅਸੀਸਾਂ ਦਿੱਤੀਆਂ ਜਾ ਰਹੀਆਂ ਹਨ, ਕਿਉਂਕਿ ਸਰਕਾਰ ਵੱਲੋਂ ਇਹ ਸਹੂਲਤ ਬਿਲਕੁਲ ਮੁਫ਼ਤ ਅਤੇ ਸੁਚੱਜੇ ਢੰਗ ਨਾਲ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਬੱਸ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏਗੀ, ਜਿੱਥੇ ਸ਼ਰਧਾਲੂ ਪੂਰੀ ਸ਼ਰਧਾ ਨਾਲ ਮੱਥਾ ਟੇਕਣਗੇ ਅਤੇ ਧਾਰਮਿਕ ਅਨੁਭਵ ਹਾਸਲ ਕਰਨਗੇ। ਇਹ ਯਾਤਰਾ ਤਿੰਨ ਦਿਨਾਂ ਤਕ ਚੱਲੇਗੀ ਅਤੇ ਉਸ ਤੋਂ ਬਾਅਦ ਬੱਸ ਵਾਪਸ ਪਿੰਡ ਮਲੂਕਾ ਆਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ ਵਿਕਾਸ ਹੀ ਨਹੀਂ, ਸਗੋਂ ਲੋਕਾਂ ਦੀ ਆਤਮਿਕ ਅਤੇ ਸਮਾਜਿਕ ਭਲਾਈ ਵੀ ਹੈ। ਤੀਰਥ ਯਾਤਰਾ ਸਕੀਮ ਇਸੇ ਸੋਚ ਦਾ ਹਿੱਸਾ ਹੈ, ਜਿਸ ਨਾਲ ਲੋਕਾਂ ਵਿੱਚ ਧਾਰਮਿਕ ਏਕਤਾ ਤੇ ਭਾਈਚਾਰੇ ਦੀ ਭਾਵਨਾ ਹੋਰ ਮਜ਼ਬੂਤ ਹੁੰਦੀ ਹੈ। ਇਸ ਯੋਜਨਾ ਨਾਲ ਉਹ ਲੋਕ ਵੀ ਲਾਭ ਲੈ ਰਹੇ ਹਨ ਜੋ ਆਰਥਿਕ ਤੌਰ ‘ਤੇ ਕਮਜ਼ੋਰ ਹਨ ਅਤੇ ਆਪਣੇ ਖਰਚ ‘ਤੇ ਦੂਰ-ਦੂਰ ਤਕ ਯਾਤਰਾ ਨਹੀਂ ਕਰ ਸਕਦੇ। ਬੱਸ ਰਵਾਨਾ ਹੋਣ ਸਮੇਂ ਮਾਹੌਲ ਬਹੁਤ ਹੀ ਧਾਰਮਿਕ ਅਤੇ ਉਤਸ਼ਾਹ ਭਰਿਆ ਸੀ। ਸ਼ਰਧਾਲੂਆਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਆਂ ਯਾਤਰਾ ਦੀ ਸ਼ੁਰੂਆਤ ਕੀਤੀ ਅਤੇ ਇਕ-ਦੂਜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਕਈ ਬਜ਼ੁਰਗ ਯਾਤਰੀਆਂ ਨੇ ਕਿਹਾ ਕਿ ਇਹ ਉਨ੍ਹਾਂ ਦੀ ਲੰਬੇ ਸਮੇਂ ਤੋਂ ਇੱਛਾ ਸੀ ਕਿ ਉਹ ਇਹ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਅਤੇ ਹੁਣ ਸਰਕਾਰ ਦੀ ਇਸ ਯੋਜਨਾ ਕਾਰਨ ਉਨ੍ਹਾਂ ਦਾ ਸੁਪਨਾ ਪੂਰਾ ਹੋ ਰਿਹਾ ਹੈ। ਇਸ ਮੌਕੇ ਸਥਾਨਕ ਲੋਕਾਂ ਨੇ ਵੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਭਵਿੱਖ ’ਚ ਹੋਰ ਵੀ ਵਧੇਰੇ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਇਸ ਮੌਕੇ ਬਲਜੀਤ ਸਿੰਘ, ਗੁਰਸੇਵਕ ਸਿੰਘ, ਕੌਰ ਸਿੰਘ, ਪਾਲ ਸਿੰਘ, ਜਗਜੀਤ ਸਿੰਘ, ਨਿਰਮਲ ਸਿੰਘ, ਸੁਖਪਾਲ ਸਿੰਘ ਅਤੇ ਮੱਖਣ ਸਿੰਘ ਹਾਜ਼ਰ ਸਨ।