ਨਾਬਾਲਿਗਾ ਨਾਲ ਜਬਰ ਜਨਾਹ, ਗਰਭਵਤੀ ਹੋਣ ’ਤੇ ਮਲਜ਼ਮ ਕਾਬੂ
15 ਸਾਲਾ ਨਾਬਾਲਿਗ ਨਾਲ ਜਬਰ ਜਨਾਹ, ਗਰਭਵਤੀ ਹੋਣ ’ਤੇ ਲੱਗਾ ਪਤਾ, ਮਲਜ਼ਮ ਗ੍ਰਿਫ਼ਤਾਰ
Publish Date: Mon, 13 Apr 2026 06:35 PM (IST)
Updated Date: Tue, 14 Apr 2026 04:07 AM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਦੇ ਥਾਣਾ ਸਿਵਲ ਲਾਈਨ ਖੇਤਰ ’ਚ ਇਕ 15 ਸਾਲਾ ਨਾਬਾਲਿਗ ਲੜਕੀ ਨਾਲ ਜਬਰਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਨਾਬਾਲਿਗਾ ਦੇ ਗਰਭਵਤੀ ਹੋਣ ਤੋਂ ਬਾਅਦ ਇਸ ਘਟਨਾ ਦਾ ਖੁਲਾਸਾ ਹੋਇਆ। ਪੁਲਿਸ ਨੇ ਨਾਬਾਲਿਗਾ ਦੀ ਮਾਤਾ ਦੇ ਬਿਆਨਾਂ ’ਤੇ ਦੋਸ਼ੀ ਨੌਜਵਾਨ ਖ਼ਿਲਾਫ਼ ਪੋਕਸੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਭਗ ਸੱਤ-ਅੱਠ ਮਹੀਨੇ ਪਹਿਲਾਂ ਇਕ ਨੌਜਵਾਨ ਨਾਬਾਲਿਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਸੀ। ਉਸ ਸਮੇਂ ਪਰਿਵਾਰ ਵੱਲੋਂ ਸਮਾਜਿਕ ਕਾਰਨਾਂ ਕਰਕੇ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਨਹੀਂ ਦਿੱਤੀ ਗਈ। ਹੁਣ ਜਦੋਂ ਨਾਬਾਲਿਗ ਦੇ ਗਰਭਵਤੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਤਾਂ ਮਾਮਲਾ ਉਜਾਗਰ ਹੋ ਗਿਆ। ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਭੁੱਚੋ ਖੁਰਦ ਵਾਸੀ ਦੋਸ਼ੀ ਰਾਜਵੀਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੋਸ਼ ਹੈ ਕਿ ਨੌਜਵਾਨ ਨੇ ਨਾਬਾਲਿਗਾ ਨਾਲ ਜਬਰ ਜਨਾਹ ਕੀਤਾ, ਜਿਸ ਕਾਰਨ ਉਹ ਗਰਭਵਤੀ ਹੋ ਗਈ। ਥਾਣਾ ਸਿਵਲ ਲਾਈਨ ਦੇ ਇੰਚਾਰਜ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਕਾਨੂੰਨੀ ਕਾਰਵਾਈ ਤਹਿਤ ਨਾਬਾਲਿਗਾ ਨੂੰ ਨਾਰੀ ਨਿਕੇਤਨ ਜਲੰਧਰ ਭੇਜ ਦਿੱਤਾ ਹੈ। ਪੁਲਿਸ ਮੁਤਾਬਕ ਨਾਬਾਲਿਗ ਦਾ ਮੈਡੀਕਲ ਕਰਵਾਉਣ ਲਈ ਉਸ ਨੂੰ ਜਲੰਧਰ ਤੋਂ ਬਠਿੰਡਾ ਲਿਆਂਦਾ ਜਾਵੇਗਾ। ਮਾਮਲੇ ’ਚ ਅਗਲੀ ਕਾਰਵਾਈ ਜਾਰੀ ਹੈ ਤੇ ਪੁਲਿਸ ਵੱਲੋਂ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ।