ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚੱਲੀ ਗੋਲੀ, ਵਾਲ਼-ਵਾਲ਼ ਬਚਾਅ
ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਗੋਲੀਬਾਰੀ, ਕਾਰ ਸਵਾਰ ਵਾਲ-ਵਾਲ ਬਚਿਆ
Publish Date: Mon, 13 Apr 2026 04:51 PM (IST)
Updated Date: Tue, 14 Apr 2026 04:05 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਰਾਮਾ ਮੰਡੀ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਤਣਾਅ ਉਸ ਵੇਲੇ ਗੰਭੀਰ ਰੂਪ ਧਾਰ ਗਿਆ ਜਦੋਂ ਇਕ ਪਾਸੇ ਵੱਲੋਂ ਗੋਲੀ ਚਲਾ ਦਿੱਤੀ ਗਈ। ਇਸ ਦੌਰਾਨ ਗੋਲੀ ਕਾਰ ਨੂੰ ਲੱਗੀ, ਪਰ ਕਾਰ ਸਵਾਰ ਵਿਅਕਤੀ ਵਾਲ-ਵਾਲ ਬਚ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਰਾਮਾ ਮੰਡੀ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਜਸਬੀਰ ਸਿੰਘ ਵਾਸੀ ਸ਼ਿਵ ਕਲੋਨੀ ਰਾਮਾ ਮੰਡੀ ਨੇ ਦੱਸਿਆ ਕਿ ਉਸ ਨੇ ਆਕਾਸ਼ਦੀਪ ਸਿੰਘ ਵਾਸੀ ਬਠਿੰਡਾ ਤੋਂ ਕੁਝ ਪੈਸੇ ਉਧਾਰ ਲਏ ਸਨ। ਉਸਦੇ ਅਨੁਸਾਰ ਆਕਾਸ਼ਦੀਪ ਸਿੰਘ ਵੱਲੋਂ ਬਾਅਦ ਵਿੱਚ ਵੱਧ ਰਕਮ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਕਾਰਨ ਦੋਹਾਂ ਪੱਖਾਂ ਵਿਚਾਲੇ ਤਣਾਅ ਬਣਿਆ ਹੋਇਆ ਸੀ। ਪੀੜਤ ਨੇ ਦੱਸਿਆ ਕਿ 3 ਅਪ੍ਰੈਲ ਨੂੰ ਉਹ ਆਪਣੀ ਕਾਰ ‘ਤੇ ਰਾਮਾ ਮੰਡੀ ਵੱਲ ਜਾ ਰਿਹਾ ਸੀ। ਇਸ ਦੌਰਾਨ ਇੱਕ ਵਰਨਾ ਕਾਰ ਨੰਬਰ ਪੀਬੀ 31 ਵਾਈ 0379 ‘ਚ ਸਵਾਰ ਆਕਾਸ਼ਦੀਪ ਸਿੰਘ, ਸਵਰਨਜੀਤ ਸਿੰਘ ਵਾਸੀ ਪਿੰਡ ਹੀਰੋ ਕਲਾਂ (ਜ਼ਿਲ੍ਹਾ ਮਾਨਸਾ), ਤਲਵਿੰਦਰ ਸਿੰਘ ਵਾਸੀ ਪਿੰਡ ਕਣਕਵਾਲ ਅਤੇ ਤਨਵੀਰ ਸਿੰਘ ਵਾਸੀ ਰਾਮਾ ਮੰਡੀ ਨੇ ਉਸ ਨੂੰ ਘੇਰ ਲਿਆ। ਦੋਸ਼ ਹੈ ਕਿ ਮੁਲਜ਼ਮਾਂ ਨੇ ਪਹਿਲਾਂ ਹਵਾਈ ਫਾਇਰ ਕੀਤਾ ਤੇ ਬਾਅਦ ਵਿੱਚ ਮਾਰਣ ਦੀ ਨੀਅਤ ਨਾਲ ਉਸ ਦੀ ਕਾਰ ਵੱਲ ਗੋਲੀ ਚਲਾਈ, ਜੋ ਕਿ ਕਾਰ ਦੀ ਪਿਛਲੀ ਤਾਕੀ ’ਤੇ ਲੱਗੀ। ਇਸ ਘਟਨਾ ਦੌਰਾਨ ਪੀੜਤ ਬਚ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਥਾਣਾ ਰਾਮਾ ਮੰਡੀ ਦੇ ਸਬ ਇੰਸਪੈਕਟਰ ਕੌਰ ਸਿੰਘ ਨੇ ਦੱਸਿਆ ਕਿ ਪੀੜਤ ਜਸਬੀਰ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਮੁਲਜ਼ਮਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਪੁਲਿਸ ਵੱਲੋਂ ਜਾਂਚ ਜਾਰੀ ਹੈ।