ਹਾਈਡਰਾ ਚਾਲਕ ’ਤੇ ਕੇਸ, ਸਕੂਟਰੀ ਸਵਾਰ ਜ਼ਖ਼ਮੀ
ਹਾਈਡਰਾ ਚਾਲਕ ਖ਼ਿਲਾਫ ਕੇਸ ਦਰਜ, ਸਕੂਟਰੀ ਸਵਾਰ ਜ਼ਖ਼ਮੀ
Publish Date: Mon, 13 Apr 2026 04:49 PM (IST)
Updated Date: Tue, 14 Apr 2026 04:04 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਹਾਈਡਰਾ ਮਸ਼ੀਨ ਨਾਲ ਸਕੂਟਰੀ ਨੂੰ ਟੱਕਰ ਮਾਰ ਕੇ ਇਕ ਵਿਅਕਤੀ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਚਾਲਕ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਰਵੀ ਗਰਗ ਵਾਸੀ ਪਾਵਰ ਹਾਊਸ ਰੋਡ ਬਠਿੰਡਾ ਨੇ ਦੱਸਿਆ ਕਿ ਉਸਦੇ ਪਿਤਾ ਰਵਿੰਦਰ ਕੁਮਾਰ ਆਪਣੀ ਸਕੂਟਰੀ ’ਤੇ ਜਾ ਰਹੇ ਸਨ। ਜਦੋਂ ਉਹ 100 ਫੁੱਟ ਰੋਡ ਨੇੜੇ ਪੁੱਜੇ ਤਾਂ ਇਕ ਜੇਸੀਬੀ ਹਾਈਡਰਾ ਮਸ਼ੀਨ ਨੇ ਉਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਰਵਿੰਦਰ ਕੁਮਾਰ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਸ਼ਿਕਾਇਤਕਰਤਾ ਮੁਤਾਬਕ ਹਾਈਡਰਾ ਮਸ਼ੀਨ ਨੂੰ ਦਲਵਿੰਦਰ ਸਿੰਘ ਵਾਸੀ ਪਿੰਡ ਚੰਦੋਕੇ ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਚਲਾ ਰਿਹਾ ਸੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮੁਲਜ਼ਮ ਖ਼ਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਹਾਇਕ ਥਾਣੇਦਾਰ ਮੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਆ ਸਕੇ।