ਮਿਡਲ ਸਕੂਲਾਂ ’ਚ ਅਧਿਆਪਕ ਘਟਾਉਣ ਦੇ ਹੁਕਮਾਂ ਖ਼ਿਲਾਫ਼ ਰੋਸ ਵਿਖਾਵਾ
ਮਿਡਲ ਸਕੂਲਾਂ ‘ਚ ਅਧਿਆਪਕ ਘਟਾਉਣ ਦੇ ਹੁਕਮਾਂ ‘ਤੇ ਅਧਿਆਪਕ ਜਥੇਬੰਦੀ ’ਚ ਰੋਸ
Publish Date: Mon, 13 Apr 2026 04:36 PM (IST)
Updated Date: Tue, 14 Apr 2026 04:04 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਵੱਲੋਂ ਮਿਡਲ ਸਕੂਲਾਂ ਵਿਚ ਅਧਿਆਪਕਾਂ ਦੀ ਤਾਇਨਾਤੀ ਸਬੰਧੀ ਜਾਰੀ ਕੀਤੇ ਨਵੇਂ ਹੁਕਮਾਂ ਨੂੰ ਲੈ ਕੇ ਅਧਿਆਪਕ ਜਥੇਬੰਦੀਆਂ ’ਚ ਰੋਸ ਪਾਇਆ ਜਾ ਰਿਹਾ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਦੱਸਿਆ ਕਿ 10 ਅਪ੍ਰੈਲ 2026 ਨੂੰ ਡਾਇਰੈਕਟਰ ਸਕੂਲ ਸਿੱਖਿਆ (ਡੀਐੱਸਈ) ਵੱਲੋਂ ਜਾਰੀ ਪੱਤਰ ਨੰਬਰ 202696171 ਅਧੀਨ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਮਿਡਲ ਸਕੂਲਾਂ ਤੋਂ ਅਧਿਆਪਕਾਂ ਦਾ ਆਰਜ਼ੀ ਤਬਾਦਲਾ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਨਵੇਂ ਪ੍ਰਬੰਧ ਅਨੁਸਾਰ ਮਿਡਲ ਸਕੂਲਾਂ ਵਿਚ ਪੰਜਾਬੀ, ਹਿੰਦੀ, ਗਣਿਤ, ਸਾਇੰਸ, ਸਮਾਜਿਕ ਸਿੱਖਿਆ, ਅੰਗਰੇਜ਼ੀ, ਸਰੀਰਕ ਸਿੱਖਿਆ, ਡਰਾਇੰਗ, ਕੰਪਿਊਟਰ ਅਤੇ ਖੇਤੀਬਾੜੀ ਸਮੇਤ 9 ਵਿਸ਼ਿਆਂ ਨੂੰ ਹੁਣ ਕੇਵਲ 2 ਅਧਿਆਪਕਾਂ ਵੱਲੋਂ ਪੜ੍ਹਾਇਆ ਜਾਣਾ ਹੈ। ਜਥੇਬੰਦੀ ਅਨੁਸਾਰ ਇਹ ਫੈਸਲਾ ਵਿਦਿਆਰਥੀਆਂ ਦੀ ਸਿੱਖਿਆ ਦੀ ਗੁਣਵੱਤਾ ‘ਤੇ ਸਿੱਧਾ ਅਸਰ ਪਾਏਗਾ। ਆਗੂਆਂ ਨੇ ਦੱਸਿਆ ਕਿ ਹੁਕਮਾਂ ਅਨੁਸਾਰ 30 ਵਿਦਿਆਰਥੀਆਂ ਵਾਲੇ ਮਿਡਲ ਸਕੂਲ ਵਿਚ 2 ਅਧਿਆਪਕ, 60 ਤਕ 3 ਅਤੇ 90 ਤਕ 4 ਅਧਿਆਪਕ ਹੀ ਤੈਨਾਤ ਕੀਤੇ ਜਾਣਗੇ, ਜਦਕਿ ਇਸ ਤੋਂ ਵੱਧ ਅਧਿਆਪਕਾਂ ਨੂੰ ਹੋਰ ਸਕੂਲਾਂ ਵਿਚ ਭੇਜਣ ਲਈ ਕਿਹਾ ਗਿਆ ਹੈ। ਉਨ੍ਹਾਂ ਇਸਨੂੰ “ਤੁਗਲਕੀ ਫੈਸਲਾ” ਕਰਾਰ ਦਿੰਦਿਆਂ ਕਿਹਾ ਕਿ ਮਿਡਲ ਪੱਧਰ ‘ਤੇ ਵਿਸ਼ਾ ਅਧਿਆਪਕਾਂ ਦੀ ਲੋੜ ਹੁੰਦੀ ਹੈ, ਨਾ ਕਿ ਇਕ ਜਾਂ ਦੋ ਅਧਿਆਪਕਾਂ ਵੱਲੋਂ ਸਾਰੇ ਵਿਸ਼ੇ ਪੜ੍ਹਾਉਣ ਦੀ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ, ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿੱਤ ਸਕੱਤਰ ਜਸਵਿੰਦਰ ਸਿੰਘ ਬਠਿੰਡਾ, ਪ੍ਰੈੱਸ ਸਕੱਤਰ ਲਖਵੀਰ ਸਿੰਘ ਮੁਕਤਸਰ ਤੇ ਸਹਾਇਕ ਪ੍ਰੈੱਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਕਿਹਾ ਕਿ ਇਕ ਵਿਸ਼ੇ ਦਾ ਅਧਿਆਪਕ ਹੋਰ ਵਿਸ਼ਿਆਂ ਨੂੰ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਪੜ੍ਹਾ ਸਕਦਾ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਵੇਗੀ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਨੇ ਮੰਗ ਕੀਤੀ ਕਿ ਸਰਕਾਰ ਇਸ ਪੱਤਰ ਨੂੰ ਤੁਰੰਤ ਵਾਪਸ ਲਏ ਅਤੇ ਹਰ ਮਿਡਲ ਸਕੂਲ ਵਿਚ ਹਰ ਵਿਸ਼ੇ ਲਈ ਅਲਗ ਅਧਿਆਪਕ ਤੈਨਾਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸੂਬੇ ਵਿਚ ਬੇਰੁਜ਼ਗਾਰ ਅਧਿਆਪਕਾਂ ਦੀ ਵੱਡੀ ਗਿਣਤੀ ਮੌਜੂਦ ਹੈ, ਇਸ ਲਈ ਸਰਕਾਰ ਨੂੰ ਨਵੀਆਂ ਭਰਤੀਆਂ ਜਲਦ ਤੋਂ ਜਲਦ ਕਰਨੀ ਚਾਹੀਦੀ ਹੈ। ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ।