ਗੈਸ ਬੁਕਿੰਗ ਲਈ ਕੰਪਨੀਆਂ ਵੱਲੋਂ ਪਾਇਆ ਜਾ ਰਿਹੈ ਪਾੜਾ ਸਹਿਣਯੋਗ ਨਹੀਂ : ਗੋਲਡੀ
ਗੈਸ ਸਿੰਲਡਰ ਬੁਕਿੰਗ ਲਈ ਕੰਪਨੀਆਂ ਵੱਲੋਂ ਪੇਂਡੂ ਤੇ
Publish Date: Sun, 12 Apr 2026 07:30 PM (IST)
Updated Date: Mon, 13 Apr 2026 04:16 AM (IST)
-ਸਥਾਨਕ ਗੈਸ ਏਜੰਸੀ ਦੀ ਜਾਂਚ ਈਡੀ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਰਵਾਉਣ ਦੀ ਮੰਗ
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਰਸੋਈ ਗੈਸ ਸਿਲੰਡਰ ਬੁਕਿੰਗ ਲਈ ਪੈਟਰੋਲੀਅਮ ਕੰਪਨੀਆਂ ਵੱਲੋਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਵੱਖ-ਵੱਖ ਸਮਾਂ ਨਿਰਧਾਰਤ ਕਰਨ ‘ਤੇ ਰੋਸ ਵਧਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਇਸ ਨੀਤੀ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਪੇਂਡੂ ਖੇਤਰ ਦੇ ਲੋਕਾਂ ਨਾਲ ਖੁੱਲ੍ਹਾ ਵਿਤਕਰਾ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇੰਡੇਨ ਗੈਸ ਕੰਪਨੀ ਵੱਲੋਂ ਸ਼ਹਿਰੀ ਖੇਤਰਾਂ ਲਈ 25 ਦਿਨ ਅਤੇ ਪੇਂਡੂ ਖੇਤਰਾਂ ਲਈ 45 ਦਿਨਾਂ ਦਾ ਅੰਤਰਾਲ ਰੱਖਿਆ ਗਿਆ ਹੈ, ਜੋ ਬਿਲਕੁਲ ਅਨੁਚਿਤ ਹੈ। ਉਨ੍ਹਾਂ ਕਿਹਾ ਕਿ ਜਦੋਂ ਹਰ ਘਰ ਵਿਚ ਗੈਸ ਦੀ ਵਰਤੋਂ ਇੱਕੋ ਜਿਹੀ ਹੁੰਦੀ ਹੈ ਤਾਂ ਇਹ ਵੱਖਰਾ ਵਤੀਰਾ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕੰਪਨੀ ਵੱਲੋਂ ਜ਼ਿਲ੍ਹੇ ਦੀਆਂ ਕਈ ਮੰਡੀਆਂ ਨੂੰ ਮਨਮਰਜ਼ੀ ਨਾਲ ਪੇਂਡੂ ਖੇਤਰ ਐਲਾਨ ਕੇ ਉਥੇ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦਾ ਤੁਰੰਤ ਨੋਟਿਸ ਲੈ ਕੇ ਸਾਰੇ ਖੇਤਰਾਂ ਲਈ ਇਕਸਾਰ ਨੀਤੀ ਲਾਗੂ ਕੀਤੀ ਜਾਵੇ।
ਸੁਸ਼ੀਲ ਕੁਮਾਰ ਗੋਲਡੀ ਨੇ ਸਥਾਨਕ ਗੈਸ ਏਜੰਸੀ ‘ਤੇ ਵੀ ਬੇਨਿਯਮੀਆਂ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਸੰਗਤ ਮੰਡੀ ਵਿਚ ਇਕਲੌਤੀ ਏਜੰਸੀ ਅੱਗੇ ਬੇਹੱਦ ਭੀੜ ਦੇਖਣ ਨੂੰ ਮਿਲਦੀ ਹੈ, ਜਦਕਿ ਹੋਰ ਏਜੰਸੀਆਂ ‘ਤੇ ਇਹ ਹਾਲਤ ਨਹੀਂ। ਉਨ੍ਹਾਂ ਇਸ ਮਾਮਲੇ ਦੀ ਜਾਂਚ ਈਡੀ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਰਵਾਉਣ ਦੀ ਮੰਗ ਕੀਤੀ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਗੈਸ ਕੰਪਨੀਆਂ ਵੱਲੋਂ ਪੇਂਡੂ ਖੇਤਰ ਦੇ ਲੋਕਾਂ ਨਾਲ ਕੀਤਾ ਜਾ ਰਿਹਾ ਵਿਤਕਰਾ ਤੁਰੰਤ ਬੰਦ ਕੀਤਾ ਜਾਵੇ ਅਤੇ ਪਹਿਲਾਂ ਵਾਂਗ ਸਿਲੰਡਰਾਂ ਦੀ ਸਪਲਾਈ ਯਕੀਨੀ ਬਣਾਈ ਜਾਵੇ। ਇਸ ਦੌਰਾਨ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਲੋਕ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਗੈਸ ਏਜੰਸੀਆਂ ਅੱਗੇ ਧਰਨੇ ਦੇਣ ਲਈ ਮਜ਼ਬੂਰ ਹੋਣਗੇ।