- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕਾਊਟਿੰਗ ਗਤੀਵਿਧੀਆਂ ਵਿਚ ਬਠਿੰਡਾ ਜ਼ਿਲ੍ਹਾ ਮੁੜ ਬਣਿਆ ਮੋਹਰੀ, ਦੋਹਾਂ ਰੋਲਿੰਗ ਟਰਾਫੀਆਂ ‘ਤੇ ਕਬਜ਼ਾ ਬਰਕਰਾਰ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਦੀ ਸਾਲਾਨਾ ਡੀਓਸੀ, ਡੀਟੀਸੀ ਅਤੇ ਜ਼ਿਲ੍ਹਾ ਸਕੱਤਰਾਂ ਦੀ ਮੀਟਿੰਗ ਸਰਕਾਰੀ ਯੂਥ ਹੋਸਟਲ ਡਲਹੌਜ਼ੀ ਵਿਖੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ (ਸਕਾਊਟ) ਉਂਕਾਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਸਟੇਟ ਚੀਫ਼ ਕਮਿਸ਼ਨਰ ਡਾ. ਸੁਖਬੀਰ ਸਿੰਘ ਬੱਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਸਟੇਟ ਟੀਮ ਦੇ ਹੋਰ ਮੈਂਬਰ ਵੀ ਹਾਜ਼ਰ ਰਹੇ। ਮੀਟਿੰਗ ਦੌਰਾਨ ਪਿਛਲੇ ਸਾਲ ਦੀਆਂ ਸਰਗਰਮੀਆਂ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ ਅਤੇ ਆਉਣ ਵਾਲੇ ਸਾਲ ਲਈ ਵਿਸਥਾਰਪੂਰਵਕ ਰੋਡਮੈਪ ਤਿਆਰ ਕੀਤਾ ਗਿਆ। ਵੱਖ-ਵੱਖ ਜ਼ਿਲ੍ਹਿਆਂ ਦੇ ਆਰਗੇਨਾਈਜ਼ਿੰਗ ਕਮਿਸ਼ਨਰਾਂ ਵੱਲੋਂ ਆਪਣੀਆਂ ਰਿਪੋਰਟਾਂ ਵੀ ਪੇਸ਼ ਕੀਤੀਆਂ ਗਈਆਂ।
ਇਸ ਮੌਕੇ ਬਠਿੰਡਾ ਜ਼ਿਲ੍ਹੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਗਾਤਾਰ ਦੂਜੀ ਵਾਰ ਸਟੇਟ ਚੀਫ਼ ਕਮਿਸ਼ਨਰ ਟਰਾਫੀ ਅਤੇ ਬਾਬਾ ਹਰਦਿਆਲ ਸਿੰਘ ਟਰਾਫੀ ‘ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ। ਬਠਿੰਡਾ ਨੇ ਸਟੇਟ ਟਰਾਫੀ ਵਿਚ ਪਿਛਲੇ ਸਾਲ ਦੇ 68.47 ਫੀਸਦੀ ਅੰਕਾਂ ਤੋਂ ਸੁਧਾਰ ਕਰਦਿਆਂ ਇਸ ਵਾਰ 78.11 ਫੀਸਦੀ ਅੰਕ ਹਾਸਲ ਕੀਤੇ, ਜਦਕਿ ਬਾਬਾ ਹਰਦਿਆਲ ਸਿੰਘ ਟਰਾਫੀ ਵਿਚ 80.71 ਫੀਸਦੀ ਅੰਕ ਪ੍ਰਾਪਤ ਕਰਕੇ ਆਪਣੀ ਬਹੁਤਰੀਨ ਪ੍ਰਦਰਸ਼ਨ ਦੀ ਮਿਸਾਲ ਕਾਇਮ ਕੀਤੀ। ਇਸ ਉਪਲਬਧੀ ਦਾ ਸਿਹਰਾ ਭਾਰਤ ਸਕਾਊਟਸ ਅਤੇ ਗਾਈਡਜ਼ ਬਠਿੰਡਾ ਦੀ ਸਮੁੱਚੀ ਮਿਹਨਤੀ ਟੀਮ ਨੂੰ ਦਿੱਤਾ ਗਿਆ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਚਮਕੌਰ ਸਿੰਘ ਸਿੱਧੂ ਵੀ ਟੀਮ ਦੇ ਨਾਲ ਮੌਜੂਦ ਰਹੇ ਅਤੇ ਉਨ੍ਹਾਂ ਵੱਲੋਂ ਟੀਮ ਨੂੰ ਵਧਾਈ ਦਿੱਤੀ ਗਈ। ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ (ਗਾਈਡ) ਨੀਟਾ ਕਸ਼ਿਅਪ, ਸਟੇਟ ਕਮਿਸ਼ਨਰ (ਗਾਈਡ) ਰੁਪਿੰਦਰ ਕੌਰ ਅਤੇ ਸਹਾਇਕ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਮਨਜੀਤ ਕੌਰ ਬਰਾੜ ਨੇ ਵੀ ਬਠਿੰਡਾ ਟੀਮ ਨੂੰ ਇਸ ਮਾਣ ਮੱਤੀ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ।
ਇਸ ਮੌਕੇ ਜ਼ਿਲ੍ਹਾ ਟੀਮ ਵਿਚ ਅੰਮ੍ਰਿਤਪਾਲ ਸਿੰਘ ਬਰਾੜ, ਡਾ. ਸੁਖਪਾਲ ਸਿੰਘ ਸਿੱਧੂ, ਹਰਦਰਸ਼ਨ ਸਿੰਘ ਸੋਹਲ, ਰਜਨੀਸ਼ ਬਾਂਸਲ, ਅਮਰਿੰਦਰ ਸਿੰਘ ਕੰਗ, ਗੁਰਪਿਆਰ ਸਿੰਘ, ਨਿਰਭੈ ਸਿੰਘ ਭੁੱਲਰ, ਡਾ. ਸੰਜੀਵ ਨਾਗਪਾਲ, ਸੁਖਜੀਤ ਸਿੰਘ ਪੂਹਲੀ, ਕੁਲਦੀਪ ਸਿੰਘ, ਮਨਦੀਪ ਸਿੰਘ, ਹਰਪ੍ਰੀਤ ਸਿੰਘ ਜਟਾਣਾ, ਕਮਲਜੀਤ ਸਿੰਘ, ਰਮਨਦੀਪ ਕੌਰ ਅਤੇ ਗਗਨਦੀਪ ਸਿੰਘ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ। ਚਮਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਬਠਿੰਡਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹੇ ਦੇ 2 ਸਕਾਊਟ ਮਾਸਟਰ ਤੇ 3 ਕੱਬ ਮਾਸਟਰਾਂ ਨੇ ਯੂਨਿਟ ਲੀਡਰ ਦਾ ਸਰਵਉੱਚ ਕੋਰਸ ‘ਹਿਮਾਲਿਆ ਵੁੱਡ ਬੈਜ’ ਪਾਸ ਕਰਕੇ ਬੀਡਜ਼ ਸੈਰੇਮਨੀ ਵਿੱਚ ਸਟੇਟ ਚੀਫ਼ ਕਮਿਸ਼ਨਰ ਤੋਂ ਸਨਮਾਨ ਪ੍ਰਾਪਤ ਕੀਤਾ। ਇਸ ਪ੍ਰਾਪਤੀ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮਮਤਾ ਖੁਰਾਣਾ ਸੇਠੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਮਨਿੰਦਰ ਕੌਰ ਵੱਲੋਂ ਵੀ ਬਠਿੰਡਾ ਟੀਮ ਨੂੰ ਵਧਾਈ ਦਿੱਤੀ ਗਈ।