ਪ੍ਰਾਈਵੇਟ ਸਕੂਲਾਂ ਨੂੰ ਨਹੀਂ ਕਰਨ ਦਿਆਂਗੇ ਮਨਮਰਜ਼ੀ : ਡੀਈਓ
ਪ੍ਰਾਈਵੇਟ ਸਕੂਲਾਂ ਤੇ ਕੀਤੀ ਜਾਵੇਗੀ ਸਖ਼ਤੀ, ਕਿਸੇ ਵੀ ਹਾਲਤ ਵਿਚ ਨਹੀਂ ਕਰਨ ਦਿੱਤੀ ਜਾਵੇਗੀ ਮਨਮਾਨੀ:ਡੀਈਓ
Publish Date: Sun, 12 Apr 2026 05:34 PM (IST)
Updated Date: Mon, 13 Apr 2026 04:07 AM (IST)
-ਫ਼ੀਸਾਂ ਤੇ ਰਿਕਾਰਡ ਦੀ ਹੋਵੇਗੀ ਜਾਂਚ, ਨਿਯਮਾਂ ਦੀ ਉਲੰਘਣਾ ’ਤੇ ਕਰਾਂਗੇ ਸਖ਼ਤੀ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮਮਤਾ ਖੁਰਾਣਾ ਸੇਠੀ ਵੱਲੋਂ ਪ੍ਰਾਈਵੇਟ ਸਕੂਲਾਂ ਵਿਚ ਮਨਮਾਨੀ ਰੋਕਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਕਿਸੇ ਵੀ ਹਾਲਤ ਵਿਚ ਨਿਯਮਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮਾਪਿਆਂ ਤੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਵਿਸ਼ੇਸ਼ ਚੈਕਿੰਗ ਜਾਰੀ ਰਹੇਗੀ। ਇਸ ਸੰਦਰਭ ਵਿਚ ਡੀਈਓ ਸੈਕੰਡਰੀ ਮਮਤਾ ਖੁਰਾਣਾ ਸੇਠੀ ਦੀ ਅਗਵਾਈ ਹੇਠ ਟੀਮ ਮੈਂਬਰ ਰਜਨੀਸ਼ ਬਾਂਸਲ, ਅਨੀਤਾ (ਕੰਪਿਊਟਰ ਫੈਕਲਟੀ) ਅਤੇ ਮਹਿੰਦਰ ਪਾਲ ਨੇ ਰਾਮਪੁਰਾ ਫੂਲ ਵਿਖੇ ਸਥਿਤ ਸ਼ਿਵਾਲਿਕ ਹਿੱਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੀ ਅਚਾਨਕ ਜਾਂਚ ਕੀਤੀ। ਜਾਂਚ ਦੌਰਾਨ ਸਕੂਲ ਦੀ ਫੀਸ ਸੰਰਚਨਾ, ਕਿਤਾਬਾਂ ਅਤੇ ਹੋਰ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਟੀਮ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਹਾਜ਼ਰੀ ਰਜਿਸਟਰ ਵਿਚ ਕੁਝ ਕਮੀਆਂ ਮਿਲੀਆਂ, ਜਿਸ ‘ਤੇ ਡੀਈਓ ਵੱਲੋਂ ਤੁਰੰਤ ਸੁਧਾਰ ਲਈ ਤਾੜਨਾ ਕੀਤੀ ਗਈ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਨੂੰ ਹਦਾਇਤ ਕੀਤੀ ਕਿ ਸਾਰੀਆਂ ਖਾਮੀਆਂ ਜਲਦੀ ਤੋਂ ਜਲਦੀ ਦੂਰ ਕੀਤੀਆਂ ਜਾਣ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਟੀਮ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਥੋ, ਸਰਕਾਰੀ ਹਾਈ ਸਕੂਲ ਬੱਲੋ ਅਤੇ ਸਰਕਾਰੀ ਮਿਡਲ ਸਕੂਲ ਮੰਡੀ ਫੂਲ ਗਰਾਊਂਡ ਰਾਮਪੁਰਾ ਦੀ ਵੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਦੌਰਾਨ ਸਕੂਲ ਸਟਾਫ ਨੂੰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਦਾਖ਼ਲਿਆਂ (ਇਨਰੋਲਮੈਂਟ) ਵਿਚ ਵਾਧਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਰਕਾਰੀ ਹਾਈ ਸਕੂਲ ਬੱਲ੍ਹੋ ਵਿਚ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ, ਜਿਸ ਵਿਚ ਡੀਈਓ ਮਮਤਾ ਖੁਰਾਣਾ ਸੇਠੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਉਨ੍ਹਾਂ ਸਕੂਲ ਦੀ ਹੈੱਡ ਮਿਸਟ੍ਰੈੱਸ ਜੋਤੀ ਗਰਗ ਦੇ ਕੰਮ ਦੀ ਪ੍ਰਸ਼ੰਸਾ ਕੀਤੀ। ਡੀਈਓ ਨੇ ਸਕੂਲਾਂ ਵਿਚ “ਐਮ-ਸਟਾਰ ਐਪ” ਲਾਗੂ ਕਰਨ ਲਈ ਵੀ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪ੍ਰਾਈਵੇਟ ਤੇ ਸਰਕਾਰੀ ਦੋਹਾਂ ਕਿਸਮ ਦੇ ਸਕੂਲਾਂ ਦੀ ਨਿਰੰਤਰ ਚੈਕਿੰਗ ਕੀਤੀ ਜਾਵੇਗੀ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਪੱਧਰ ਨੂੰ ਖਾਸ ਤੌਰ ‘ਤੇ ਜਾਂਚਿਆ ਜਾਵੇਗਾ।