ਪਿਛਲੇ 10 ਦਿਨਾਂ ਤੋਂ ਬੁਕ ਸਿਲੰਡਰ ਨਾ ਮਿਲਣ ’ਤੋਂ ਖ਼ਪਤਕਾਰ ਪਰੇਸ਼ਾਨ
ਸੰਗਤ ਮੰਡੀ ਦੀ ਗੈਸ ਏਜੰਸੀ ਵੱਲੋਂ ਪਿਛਲੇ 10 ਦਿਨਾਂ ਦੇ ਬੁੱਕ ਕੀਤੇ ਗੈਸ ਸਿਲੰਡਰ ਨਾ ਦੇਣ ਕਾਰਨ ਖ਼ਪਤਕਾਰਾਂ ’ਚ ਹਾਹਾਕਾਰ
Publish Date: Sun, 12 Apr 2026 05:14 PM (IST)
Updated Date: Mon, 13 Apr 2026 04:05 AM (IST)

-ਕਿਹਾ, ਆਨਲਾਈਨ ਪੈਸੇ ਭਰਨ ਦੇ ਬਾਵਜੂਦ ਕੀਤਾ ਜਾ ਰਿਹੈ ਖੱਜਲ-ਖੁਆਰ ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ ਸੰਗਤ ਮੰਡੀ ਦੀ ਇਕਲੌਤੀ ਗੈਸ ਏਜੰਸੀ ਵੱਲੋਂ ਪਿਛਲੇ 10 ਦਿਨਾਂ ਦੇ ਬੁੱਕ ਕੀਤੇ ਰਸੋਈ ਗੈਸ ਸਿਲੰਡਰ ਨਾ ਦੇਣ ਕਾਰਨ ਇਲਾਕੇ ਦੇ 56 ਪਿੰਡਾਂ ਦੇ ਖ਼ਪਤਕਾਰਾਂ ’ਚ ਹਾਹਾਕਾਰ ਮੱਚ ਗਈ ਹੈ। ਇਲਾਕੇ ਦੇ ਕਈ ਖ਼ਪਤਕਾਰਾਂ ਵੱਲੋਂ ਗੈਸ ਸਿਲੰਡਰ ਨਾ ਮਿਲਣ ਕਾਰਨ ਗੈਸ ਏਜੰਸੀ ਸੰਗਤ ਇੰਡੇਨ ਸਰਵਿਸ ਸੰਗਤ ਮੰਡੀ ਵਿਰੁੱਧ ਖ਼ਪਤਕਾਰਾਂ ਨੂੰ ਜਾਣਬੁੱਝ ਕੇ ਖ਼ੱਜਲ-ਖ਼ੁਆਰ ਕਰਨ ਦੀਆਂ ਲਿਖਤੀ ਸ਼ਿਕਾਇਤਾਂ ਇੰਡੀਅਨ ਆਇਲ ਕੰਪਨੀ ਨੂੰ ਕੀਤੀਆਂ ਹਨ। ਸਾਹਿਲ ਗੋਇਲ ਪੁੱਤਰ ਮੁਕੰਦ ਲਾਲ ਵਾਸੀ ਸੰਗਤ ਮੰਡੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੀਤੀ 5 ਅਪ੍ਰੈਲ ਨੂੰ ਆਨਲਾਈਨ ਗੈਸ ਸਿਲੰਡਰ ਬੁਕ ਕੀਤਾ ਸੀ ਅਤੇ ਜਿਸ ਦੀ ਕੰਪਨੀ ਨੂੰ ਆਨਲਾਈਨ ਪੇਮੈਂਟ ਵੀ ਕਰ ਦਿੱਤੀ ਸੀ ਪ੍ਰੰਤੂ ਇਕ ਹਫ਼ਤੇ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਉਨ੍ਹਾਂ ਨੂੰ ਗੈਸ ਸਿਲੰਡਰ ਨਹੀਂ ਦਿੱਤਾ ਗਿਆ। ਜਦੋਂ ਗੈਸ ਸਿਲੰਡਰ ਦੀ ਡਿਲਿਵਰੀ ਨਾ ਕੀਤੇ ਜਾਣ ਬਾਰੇ ਏਜੰਸੀ ਮਾਲਕ ਹਰਸਵਰੂਪ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੈਸ ਏਜੰਸੀ ਕੋਲ ਗੈਸ ਸਿਲੰਡਰ ਖ਼ਤਮ ਹੋ ਚੁਕੇ ਹਨ ਅਤੇ ਪਿੱਛੋਂ ਹੀ ਗੈਸ ਨਹੀਂ ਆਈ, ਜਦੋਂ ਗੈਸ ਆਵੇਗੀ ਤਾਂ ਉਨ੍ਹਾਂ ਦਾ ਸਿਲੰਡਰ ਭੇਜ ਦਿੱਤਾ ਜਾਵੇਗਾ। ਇਸ ਦੀ ਲਿਖਤੀ ਸ਼ਿਕਾਇਤ ਉਨ੍ਹਾਂ ਵੱਲੋਂ ਕੰਪਨੀ ਦੀ ਵੈਬਸਾਈਟ ’ਤੇ ਕਰ ਦਿੱਤੀ ਹੈ। ਇਸੇ ਤਰ੍ਹਾਂ ਸੰਗਤ ਮੰਡੀ ਵਾਸੀ ਮਹਿੰਦਰ ਕੌਰ ਪਤਨੀ ਗੁਰਮੀਤ ਸਿੰਘ ਨੇ ਵੀ ਗੈਸ ਸਿਲੰਡਰ ਨਾ ਦਿੱਤੇ ਜਾਣ ਦੀ ਲਿਖ਼ਤੀ ਸ਼ਿਕਾਇਤ ਕੀਤੀ ਹੈ। ਉਹ ਵਿਧਵਾ ਔਰਤ ਹੈ ਅਤੇ ਖੁਦ ਚੱਲ ਕੇ ਗੈਸ ਏਜੰਸੀ ਨਹੀਂ ਜਾ ਸਕਦੀ ਪ੍ਰੰਤੂ 5 ਅਪੈਲ ਨੂੰ ਆਨਲਾਈਨ ਬੁੱਕ ਕੀਤੇ ਗੈਸ ਸਿਲੰਡਰ ਦੀ ਡਿਲੀਵਰੀ ਅਜੇ ਤਕ ਵੀ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ। ਸੰਗਤ ਮੰਡੀ ਵਾਸੀ ਵਿਵੇਕ ਸ਼ਰਮਾ ਨੇ ਦੱਸਿਆ ਕਿ ਉਕਤ ਗੈਸ ਏਜੰਸੀ ਵੱਲੋਂ ਖ਼ਪਤਕਾਰਾਂ ਨੂੰ ਜਾਣਬੁੱਝ ਕੇ ਗੈਸ ਏਜੰਸੀ ਮੂਹਰੇ ਲਾਈਨਾਂ ’ਚ ਲੱਗਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਅਤੇ ਕਾਲਾਬਜ਼ਾਰੀ ’ਚ ਗੈਸ ਸਿਲੰਡਰ 2 ਤੋਂ 3 ਹਜ਼ਾਰ ਰੁਪਏ ਵਿਚ ਸ਼ਰੇਆਮ ਵਿਕ ਰਹੇ ਹਨ। ਪਿੰਡ ਜੋਧਪੁਰ ਰੋਮਾਣਾ ਦੇ ਸਰਪੰਚ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਗੈਸ ਏਜੰਸੀ ਵੱਲੋਂ ਫਰਜ਼ੀ ਡਿਲੀਵਰੀਆਂ ਰਾਹੀਂ ਗੈਸ ਸਿਲੰਡਰਾਂ ਦੀ ਕਾਲਾਬਜ਼ਾਰੀ ਕੀਤੇ ਜਾਣ ਦਾ ਉਨ੍ਹਾਂ ਨੂੰ ਪਤਾ ਲੱਗਾ ਹੈ, ਜਦੋਂ ਕਿ ਉਨ੍ਹਾਂ ਦੇ ਪਿੰਡ ’ਚ ਦੋ ਹਫਤਿਆਂ ਤੋਂ ਵੀ ਵੱਧ ਸਮੇਂ ਤੋਂ ਗੈਸ ਸਿਲੰਡਰਾਂ ਦੀ ਕੋਈ ਵੀ ਡਿਲੀਵਰੀ ਵੈਨ ਨਹੀਂ ਪੁੱਜੀ ਹੈ। ਉਨ੍ਹਾਂ ਦੱਸਿਆ ਕਿ ਗੈਸ ਏਜੰਸੀ ਵਾਲੇ ਕਿਸੇ ਵੀ ਖ਼ਪਤਕਾਰ ਦਾ ਫੋਨ ਨਹੀਂ ਚੁੱਕਦੇ, ਜਿਸ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਇਲਾਕੇ ਅੰਦਰ ਹੋਰ ਗੈਸ ਏਜੰਸੀਆਂ ਖ਼ੋਲ੍ਹੇ ਜਾਣ ਦੀ ਵੀ ਮੰਗ ਕੀਤੀ ਹੈ। ਸਮਾਜਸੇਵੀ ਬਲਵੀਰ ਸਿੰਘ ਬੀਰਾ ਨੇ ਦੱਸਿਆ ਕਿ ਉਕਤ ਗੈਸ ਏਜੰਸੀ ਵੱਲੋਂ ਆਪਣਾ ਸਟਾਕ ਬੋਰਡ ਏਜੰਸੀ ਅਤੇ ਸਟੋਰ ਦੇ ਬਾਹਰ ਨਾਂ ਲਗਾ ਕੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ, ਜਿਸ ਦੀ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਜਾਂਚ ਕਰਵਾ ਕੇ ਏਜੰਸੀ ਵਿਰੁੱਧ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਬਾਰੇ ਏਜੰਸੀ ਦੀ ਮੈਨੇਜਰ ਕਰਮਜੀਤ ਕੌਰ ਅਤੇ ਮਾਲਕ ਹਰਸਵਰੂਪ ਨਾਲ ਫੋਨ ’ਤੇ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਫੋਨ ਨਹੀਂ ਉਠਾਇਆ। ਬਲਾਕ ਖੁਰਾਕ ਤੇ ਸਪਲਾਈ ਵਿਭਾਗ ਦੇ ਬਲਾਕ ਅਧਿਕਾਰੀ ਗੁਰਤੇਜ ਸਿੰਘ ਨੇ ਦੱਸਿਆ ਕਿ ਏਜੰਸੀ ਮਾਲਕਾਂ ਵੱਲੋਂ ਪਿਛਲੇ ਦੋ ਦਿਨਾਂ ਤੋਂ ਗੈਸ ਖ਼ਤਮ ਹੋਣ ਬਾਰੇ ਉਨ੍ਹਾਂ ਨੂੰ ਦੱਸਿਆ ਗਿਆ ਹੈ ਪ੍ਰੰਤੂ ਕਿਸੇ ਫ਼ਰਜੀ ਖ਼ਪਤਕਾਰ ਨੂੰ ਕੀਤੀ ਡਿਲੀਵਰੀ ਦੀ ਜਾਂਚ ਕਰਵਾ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।