ਬੁੱਢਾ ਦਲ ਵੱਲੋਂ ਗੁਰੂਘਰ ਬੇਰ ਸਾਹਿਬ ਵਿਖੇ ਅਖੰਡ ਪਾਠ ਸ਼ੁਰੂ
ਕੈਪਸ਼ਨ: ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਦੌਰਾਨ ਮੌਜੂਦ ਬਾਬਾ ਬਲਵੀਰ ਸਿੰਘ 96 ਕਰੋੜੀ ਤੇ ਸਿੰਘ ਜਥੇਬੰਦੀਆਂ
Publish Date: Sun, 12 Apr 2026 04:57 PM (IST)
Updated Date: Mon, 13 Apr 2026 04:04 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸ੍ਰੋਮਣੀ ਸੇਵਾ ਰਤਨ, ਸ੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਹੇਠ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵਿਸਾਖੀ ਪੁਰਬ ਨੂੰ ਸਮਰਪਿਤ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਕੀਤੇ, ਜਿਸ ਦਾ ਭੋਗ 14 ਅਪ੍ਰੈਲ ਨੂੰ ਪਵੇਗਾ। ਇਸੇ ਤਰ੍ਹਾਂ 13 ਅਪ੍ਰੈਲ ਨੂੰ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਤੇ ਸ੍ਰੀ ਸਰਬਲੋਹ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਆਰੰਭ ਕੀਤੇ ਜਾਣਗੇ, ਜਿਨ੍ਹਾਂ ਦੇ ਭੋਗ 15 ਅਪ੍ਰੈਲ ਨੂੰ ਪਾਏ ਜਾਣਗੇ। ਅੱਜ ਬੁੱਢਾ ਦਲ ਦੇ ਹੈਡਕੁਆਰਟਰ ਗੁਰਦੁਆਰਾ ਬੇਰ ਸਾਹਿਬ ਦੇਗਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਕ ਅਰਦਾਸ ਬਾਬਾ ਸੁਖਵਿੰਦਰ ਸਿੰਘ ਮੌਰ ਵੱਲੋਂ ਕੀਤੀ ਗਈ, ਜਦਕਿ ਬਾਬਾ ਮੱਘਰ ਸਿੰਘ (ਮੁੱਖ ਗ੍ਰੰਥੀ ਬੁੱਢਾ ਦਲ) ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ।
ਇਸ ਮੌਕੇ ਬਾਬਾ ਜੱਸਾ ਸਿੰਘ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਇੰਦਰਪਾਲ ਸਿੰਘ ਫੌਜੀ, ਬਾਬਾ ਗੁਰਮੁਖ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਲਛਮਣ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਜੋਗਾ ਸਿੰਘ ਹਨੂੰਮਾਨਗੜ੍ਹ, ਭਾਈ ਮਾਨ ਸਿੰਘ ਲਿਖਾਰੀ, ਬਾਬਾ ਮੇਜਰ ਸਿੰਘ ਸਮੇਤ ਕਈ ਹੋਰ ਸੰਗਤਾਂ ਵੀ ਹਾਜ਼ਰ ਸਨ। ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਦੋ ਰੋਜ਼ਾ ਬੁੱਢਾ ਦਲ ਹੈਡਕੁਆਰਟਰ ਵਿਖੇ ਸਿੱਖ ਸ਼ਸਤਰ ਕਲਾ ਗਤਕੇ ਦੇ ਮੁਕਾਬਲੇ ਕਰਵਾਏ ਜਾਣਗੇ। ਹਰ ਸਾਲ ਵਾਂਗ ਵਿਸਾਖੀ ਦੇ ਇਤਿਹਾਸਕ ਮੌਕੇ ‘ਤੇ ਮਾਲਵਾ ਗੱਤਕਾ ਕੱਪ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ਵਿਚ ਲਗਭਗ 20 ਨਾਮਵਰ ਟੀਮਾਂ ਹਿੱਸਾ ਲੈਣਗੀਆਂ। ਉਨ੍ਹਾਂ ਕਿਹਾ ਕਿ ਸਿੱਖ ਪਰੰਪਰਾਵਾਂ ਵਿਚ ਸ਼ਸਤਰ ਕਲਾ ਦਾ ਮਹੱਤਵਪੂਰਨ ਸਥਾਨ ਹੈ, ਇਸ ਲਈ ਇਸ ਕਲਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਜਿਹੇ ਯਤਨਾਂ ਦੀ ਲੋੜ ੇਹੈ। ਮੁਕਾਬਲਿਆਂ ਵਿਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਜਾਵੇਗਾ।