ਨਿਆਂ ਨਾ ਮਿਲਿਆ ਤਾਂ ਘੇਰਾਂਗੇ ਬਾਲਿਆਂਵਾਲੀ ਥਾਣਾ
ਇਨਸਾਫ਼ ਨਾ ਮਿਲਿਆ ਤਾਂ ਬਾਲਿਆਂਵਾਲੀ ਥਾਣੇ ਦਾ ਘਿਰਾਓ
Publish Date: Sat, 11 Apr 2026 08:02 PM (IST)
Updated Date: Sun, 12 Apr 2026 04:09 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਬਾਲਿਆਂਵਾਲੀ ਥਾਣੇ ਅੱਗੇ ਤਿੱਖਾ ਰੋਸ ਪ੍ਰਗਟ ਕੀਤਾ ਗਿਆ। ਜਥੇਬੰਦੀ ਦੇ ਜ਼ਿਲ੍ਹਾ ਬਰਨਾਲਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਕਿਸਾਨ ਥਾਣੇ ਪਹੁੰਚੇ। ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਪਿੰਡ ਢਿੱਲਵਾਂ ਦੇ ਲਖਵਿੰਦਰ ਸਿੰਘ ਦੀ ਮੌਤ ਇੱਕ ਦਰਦਨਾਕ ਹਾਦਸੇ ਵਿੱਚ ਹੋ ਗਈ ਸੀ। ਉਹ ਆਪਣੀ ਭੈਣ ਨੂੰ ਮਿਲ ਕੇ ਵਾਪਸ ਆ ਰਹੇ ਸਨ ਕਿ ਪਿੰਡ ਭੂੰਦੜ ਨੇੜੇ ਇਕ ਨਿੱਜੀ ਸਕੂਲ ਦੀ ਵੈਨ ਨੇ ਗਲਤ ਪਾਸੇ ਆ ਕੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਲਖਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬੱਚਿਆਂ ਨਾਲ ਭਰੀ ਵੈਨ ਖੇਤ ਵਿੱਚ ਪਲਟ ਗਈ। ਖੁਸ਼ਕਿਸਮਤੀ ਨਾਲ ਬੱਚਿਆਂ ਦੀ ਜਾਨ ਬਚ ਗਈ, ਹਾਲਾਂਕਿ ਉਨ੍ਹਾਂ ਨੂੰ ਸੱਟਾਂ ਲੱਗੀਆਂ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਵੈਨ ਡਰਾਈਵਰ ਨੂੰ ਕੇਸ ਦਰਜ ਹੋਣ ਤੋਂ ਤੁਰੰਤ ਬਾਅਦ ਹੀ ਜਮਾਨਤ ਮਿਲ ਗਈ, ਪਰ ਸਕੂਲ ਮੈਨੇਜਮੈਂਟ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਮੁਤਾਬਕ ਵੈਨ ਦਾ ਬੀਮਾ, ਫਿੱਟਨੈੱਸ ਅਤੇ ਰਜਿਸਟ੍ਰੇਸ਼ਨ ਸਮਾਂ ਪੂਰਾ ਹੋ ਚੁੱਕਾ ਸੀ, ਫਿਰ ਵੀ ਵਾਹਨ ਚਲਾਇਆ ਜਾ ਰਿਹਾ ਸੀ, ਜੋ ਕਿ ਵੱਡੀ ਲਾਪਰਵਾਹੀ ਹੈ। ਇਸ ਹਾਦਸੇ ਨੇ ਇਕ ਪਰਿਵਾਰ ਦਾ ਸਹਾਰਾ ਖੋਹ ਲਿਆ ਹੈ। ਉਹ ਪੰਜ ਭੈਣਾਂ ਦਾ ਇਕਲੌਤਾ ਭਰਾ ਤੇ ਦੋ ਛੋਟੀਆਂ ਧੀਆਂ ਦਾ ਪਿਤਾ ਸੀ। ਮੌਕੇ ’ਤੇ ਮੌਜੂਦ ਐੱਸਐੱਚਓ. ਨੇ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਕੇ ਸਕੂਲ ਮੈਨੇਜਮੈਂਟ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਹਾਲਾਂਕਿ ਕਿਸਾਨ ਯੂਨੀਅਨ ਨੇ 15 ਅਪ੍ਰੈਲ ਤਕ ਦਾ ਅਲਟੀਮੇਟਮ ਜਾਰੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਉਦੋਂ ਤਕ ਨਿਆਂ ਨਾ ਮਿਲਿਆ ਤਾਂ ਥਾਣੇ ਦਾ ਅਣਮਿੱਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਸਹਿਣਾ ਜਗਸੀਰ ਸਿੰਘ ਸੀਰਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਚਰਨ ਸਿੰਘ ਸੁਖਪੁਰਾ, ਮੇਲਾ ਸਿੰਘ ਖੁੱਡੀ ਕਲਾਂ, ਗੁਰਨਾਮ ਸਿੰਘ ਗਾਮਾ, ਜਗਜੀਤ ਸਿੰਘ ਅਲਕੜਾ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਰੂਪ ਸਿੰਘ ਢਿੱਲਵਾਂ ਸਮੇਤ ਹੋਰ ਆਗੂ ਹਾਜ਼ਰ ਸਨ।