- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਤੋਂ ਡੈਨਮਾਰਕ ਤਕ: ਐਚਪੀਵੀ ਨਾਲ ਸਬੰਧਤ ਗਲਤ ਜਾਣਕਾਰੀ ’ਤੇ ਖੋਜ ਨੂੰ ਵਿਸ਼ਵ ਪੱਧਰੀ ਮਾਨਤਾ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਜਨ-ਸੰਚਾਰ ਤੇ ਮੀਡੀਆ ਅਧਿਐਨ ਵਿਭਾਗ ਦੇ ਮੁਖੀ ਅਤੇ ਇੰਟਰਵੇਂਸ਼ਨਜ਼ ਡਿਜ਼ਾਈਨ ਐਂਡ ਇਫੈਕਟਸ ਲੈਬ (ਆਈਡੀਈਐਲ) ਦੇ ਸੰਸਥਾਪਕ ਡਾ. ਰੂਬਲ ਕਨੋਜ਼ੀਆ ਅਤੇ ਉਨ੍ਹਾਂ ਦੀ ਪੀਐਚਡੀ ਵਿਦਿਆਰਥਣ ਸੁਸ੍ਰੀ ਰਕਤੀਮਾ ਗੁਪਤਾ ਨੇ ਇਕ ਮਹੱਤਵਪੂਰਨ ਅਕਾਦਮਿਕ ਉਪਲਬਧੀ ਹਾਸਲ ਕੀਤੀ ਹੈ। ਉਨ੍ਹਾਂ ਦਾ ਖੋਜ ਪੇਪਰ ਡੈਨਮਾਰਕ ਦੇ ਓਡੈਂਸ ਵਿਖੇ ਸਥਿਤ ਯੂਨੀਵਰਸਿਟੀ ਆਫ ਸਦਰਨ ਡੈਨਮਾਰਕ ਵਿੱਚ 13–15 ਅਪ੍ਰੈਲ 2026 ਨੂੰ ਹੋਣ ਵਾਲੇ ਮਹੱਤਵਪੂਰਣ ਅੰਤਰਰਾਸ਼ਟਰੀ ਸਿਹਤ ਸੰਚਾਰ ਸੰਮੇਲਨ ਵਿੱਚ ਪੇਸ਼ ਕਰਨ ਲਈ ਚੁਣਿਆ ਗਿਆ ਹੈ। ਭਾਰਤ ’ਚ ਐੱਚਪੀਵੀ ਟੀਕਾਕਰਨ ਦੇ ਰਾਸ਼ਟਰੀ ਪ੍ਰੋਗਰਾਮ ਦੇ ਪ੍ਰਸੰਗ ਵਿੱਚ, ਇਹ ਖੋਜ ਸਮਾਜ ਵਿੱਚ ਫੈਲੀ ਗਲਤ ਜਾਣਕਾਰੀ ਨੂੰ ਦੂਰ ਕਰਨ ਅਤੇ ਜਾਗਰੂਕਤਾ ਵਧਾਉਣ ਰਾਹੀਂ ਕੈਂਸਰ ਰੋਕਥਾਮ ਦੇ ਯਤਨਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਏਗੀ। “ਪਰਸੀਵਡ ਬੈਰੀਅਰਜ਼ ਟੂ ਐੱਚਪੀਵੀ ਪ੍ਰਿਵੈਂਟਿਵ ਕੇਅਰ ਅਮੰਗ ਸੈਕਸ਼ੁਅਲ ਐਂਡ ਜੈਂਡਰ ਮਾਈਨੋਰਿਟੀਜ਼ ਇਨ ਇੰਡੀਆ: ਏ ਕਵਾਲਿਟੇਟਿਵ ਐਕਸਪਲੋਰੇਸ਼ਨ” ਸਿਰਲੇਖ ਹੇਠ ਕੀਤੀ ਗਈ ਇਸ ਖੋਜ ਵਿੱਚ ਦਰਸਾਇਆ ਗਿਆ ਹੈ ਕਿ ਐੱਚਪੀਵੀ ਬਾਰੇ ਜਾਗਰੂਕਤਾ ਦੀ ਘਾਟ, ਟੀਕੇ ਸੰਬੰਧੀ ਅਧੂਰੀ ਜਾਣਕਾਰੀ, ਆਰਥਿਕ ਰੁਕਾਵਟਾਂ, ਸਮਾਵੇਸ਼ੀ ਸਿਹਤ ਸੇਵਾਵਾਂ ਦੀ ਸੀਮਤ ਉਪਲੱਬਧਤਾ ਤੇ ਜਨਸਧਾਰਨ ’ਚ ਫੈਲੀ ਗਲਤ ਜਾਣਕਾਰੀ, ਐੱਚਪੀਵੀ ਤੋਂ ਬਚਾਅ ਵਿੱਚ ਵੱਡੀਆਂ ਰੁਕਾਵਟਾਂ ਹਨ। ਖੋਜਕਰਤਾਵਾਂ ਅਨੁਸਾਰ ਇਹ ਨਤੀਜੇ ਇਸ ਗੱਲ ਨੂੰ ਰੌਸ਼ਨ ਕਰਦੇ ਹਨ ਕਿ ਗਲਤ ਜਾਣਕਾਰੀ ‘ਤੇ ਪ੍ਰਭਾਵਸ਼ਾਲੀ ਕੰਟਰੋਲ, ਐਚਪੀਵੀ ਤੇ ਇਸ ਦੇ ਟੀਕੇ ਬਾਰੇ ਸਹੀ ਜਾਣਕਾਰੀ ਦਾ ਪ੍ਰਸਾਰ, ਜਨ-ਜਾਗਰੂਕਤਾ ਮੁਹਿੰਮਾਂ ਨੂੰ ਮਜ਼ਬੂਤ ਕਰਨਾ ਅਤੇ ਸਿਹਤ ਕਰਮਚਾਰੀਆਂ ਨੂੰ ਸੰਵੇਦਨਸ਼ੀਲ ਬਣਾਉਣਾ ਬਹੁਤ ਜ਼ਰੂਰੀ ਹੈ, ਤਾਂ ਜੋ ਹਰ ਵਰਗ ਨੂੰ ਸਮਾਨ ਤੇ ਸਮਾਵੇਸ਼ੀ ਸਿਹਤ ਸੇਵਾਵਾਂ ਪ੍ਰਾਪਤ ਹੋ ਸਕਣ। ਇਸ ਮੌਕੇ ‘ਤੇ ਸੀਯੂ ਪੰਜਾਬ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਡਾ. ਰੂਬਲ ਕਨੋਜ਼ੀਆ ਤੇ ਰਕਤੀਮਾ ਗੁਪਤਾ ਨੂੰ ਇਸ ਉਪਲੱਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਆਈਡੀਈਐੱਲ ਲੈਬ ਵੱਲੋਂ ਸਿਹਤ ਸੰਚਾਰ ਦੇ ਖੇਤਰ ਵਿੱਚ ਹੋ ਰਹੀ ਲਗਾਤਾਰ ਖੋਜ ਇਹ ਦਰਸਾਉਂਦੀ ਹੈ ਕਿ ਸਮਾਜਿਕ ਵਿਗਿਆਨ ਦੀ ਖੋਜ ਨਾ ਸਿਰਫ਼ ਸਮਾਜਿਕ ਚੁਣੌਤੀਆਂ ਦਾ ਹੱਲ ਪੇਸ਼ ਕਰਦੀ ਹੈ, ਸਗੋਂ ਨੀਤੀ-ਨਿਰਮਾਣ ਅਤੇ ਵਿਸ਼ਵ ਪੱਧਰੀ ਅਕਾਦਮਿਕ ਚਰਚਾ ’ਚ ਵੀ ਅਹਿਮ ਯੋਗਦਾਨ ਪਾਉਦੀ ਹੈ। ਡਾ. ਰੂਬਲ ਕਨੋਜ਼ੀਆ ਅਨੁਸਾਰ ਲੈਬ ਦੇਸ਼ ਦੀਆਂ ਪਹਿਲੀਆਂ ਪ੍ਰਯੋਗਾਤਮਕ ਲੈਬਾਂ ਵਿੱਚੋਂ ਇਕ ਹੈ, ਜੋ ਜਨ ਸੰਚਾਰ ਦੇ ਖੇਤਰ ਵਿੱਚ ਰੈਂਡਮਾਈਜ਼ਡ ਕੰਟਰੋਲ ਟਰਾਇਲਜ਼ (ਆਰਸੀਟੀ) ਤੇ ਕਵਾਜ਼ੀ-ਐਕਸਪੇਰੀਮੈਂਟਲ ਖੋਜ ਲਈ ਸਮਰਪਿਤ ਹੈ। ਉਨ੍ਹਾਂ ਨੇ ਇਸ ਸਫਲਤਾ ਦਾ ਸਿਹਰਾ ਵਾਈਸ ਚਾਂਸਲਰ ਪ੍ਰੋ. ਤਿਵਾਰੀ ਦੀ ਪ੍ਰੇਰਣਾ, ਮਾਰਗਦਰਸ਼ਨ ਅਤੇ ਨਿਰੰਤਰ ਸਹਿਯੋਗ ਨੂੰ ਦਿੱਤਾ, ਜਿਨ੍ਹਾਂ ਦੀ ਅਗਵਾਈ ਹੇਠ ਯੂਨੀਵਰਸਿਟੀ ਵਿੱਚ ਮਜ਼ਬੂਤ ਖੋਜ ਵਾਤਾਵਰਣ ਵਿਕਸਿਤ ਹੋ ਰਿਹਾ ਹੈ। ਉਨ੍ਹਾਂ ਦੇ ਯਤਨਾਂ ਨਾਲ ਸੀਯੂ ਪੰਜਾਬ ਨੇ ਅੰਤਰਰਾਸ਼ਟਰੀ ਰੈਂਕਿੰਗ ਵਿੱਚ ਵੀ ਉਲੇਖਣਯੋਗ ਪ੍ਰਗਤੀ ਕੀਤੀ ਹੈ। ਇਸ ਉਪਲੱਬਧੀ ਨੂੰ ਹੋਰ ਮਜ਼ਬੂਤੀ ਮਿਲੀ ਹੈ ਕਿਉਂਕਿ. ਲੈਬ ਦੀ ਕੈਂਸਰ ਨਾਲ ਸਬੰਧਤ ਗਲਤ ਜਾਣਕਾਰੀ ‘ਤੇ ਕੀਤੀ ਤਾਜ਼ਾ ਖੋਜ ਨੂੰ ਵੀ ਵਿਸ਼ਵ ਸਿਹਤ ਸੰਸਥਾ ਦੇ ਅਧੀਨ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ (ਆਈਏਆਰਸੀ) ਵੱਲੋਂ ਸਵੀਕਾਰਿਆ ਗਿਆ ਹੈ। ਐਚਪੀਵੀ ਟੀਕੇ ਨਾਲ ਸਬੰਧਤ ਗਲਤ ਜਾਣਕਾਰੀ ‘ਤੇ ਇਹ ਖੋਜ ਯੂਨੀਵਰਸਿਟੀ ਲਈ ਇਕ ਹੋਰ ਮਹੱਤਵਪੂਰਨ ਅੰਤਰਰਾਸ਼ਟਰੀ ਉਪਲਬਧੀ ਹੈ। ਇਹ ਉਪਲਬਧੀ ਸੀਯੂ ਪੰਜਾਬ ਦੇ ਜਨਸੰਚਾਰ ਅਤੇ ਮੀਡੀਆ ਅਧਿਐਨ ਵਿਭਾਗ ਦੀ ਵਧਦੀ ਅਕਾਦਮਿਕ ਸ਼੍ਰੇਸ਼ਠਤਾ ਅਤੇ ਵਿਸ਼ਵ ਪੱਧਰੀ ਖੋਜ ਭਾਗੀਦਾਰੀ ਨੂੰ ਵੀ ਦਰਸਾਉਂਦੀ ਹੈ।