ਲੋਕਾਂ ਵੱਲੋਂ ਛੱਪੜ ਦੀ ਸਫਾਈ ਲਈ ਐੱਸਡੀਐੱਮ ਨੂੰ ਮੰਗ-ਪੱਤਰ
ਭਾਈਰੂਪਾ ਦੇ ਵਾਸੀਆਂ ਵੱਲੋਂ ਛੱਪੜ ਦੀ ਸਫਾਈ ਲਈ ਐਸਡੀਐਮ ਫੂਲ ਨੂੰ ਦਿੱਤਾ ਮੰਗ ਪੱਤਰ
Publish Date: Sat, 11 Apr 2026 05:50 PM (IST)
Updated Date: Sun, 12 Apr 2026 04:06 AM (IST)

-ਰੋਸ ਵਜੋਂ ਕਿਹਾ, ਪਿਛਲੇ ਚਾਲੀ ਸਾਲ ਤੋਂ ਛੱਪੜ ਦੀ ਨਹੀਂ ਹੋਈ ਸਫ਼ਾਈ ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈ ਰੂਪਾ ਪਿਛਲੇ ਲੰਮੇ ਸਮੇਂ ਤੋਂ ਨਾਮਧਾਰੀ ਅਗਵਾੜ ਭਾਈ ਰੂਪਾ ਦੇ ਛੱਪੜ ਦੀ ਸਫਾਈ ਨੂੰ ਲੈ ਕੇ ਲਟਕਦੀ ਆ ਰਹੀ ਮੰਗ ਨੂੰ ਲੈ ਕੇ ਨਾਮਧਾਰੀ ਅਗਵਾੜ ਦੇ ਵਾਸੀਆਂ ਵੱਲੋ ਐਸਡੀਐਮ ਫੂਲ ਨੂੰ ਦਿੱਤਾ ਮੰਗ ਪੱਤਰ ਸੌਂਪਿਆ। ਜਾਣਕਾਰੀ ਅਨੁਸਾਰ ਹਲਕਾ ਰਾਮਪੁਰਾ ਫੂਲ ਦੇ ਅਧੀਨ ਪੈਂਦੇ ਪਿੰਡ ਭਾਈਰੂਪਾ ਦੇ ਨਾਮਧਾਰੀ ਅਗਵਾੜ ਦੇ ਪਿਛਲੇ 35 ਸਾਲਾਂ ਤੋਂ ਛੱਪੜ ਦੀ ਸਫਾਈ ਨਾ ਹੋਣ ਕਾਰਨ ਮੀਂਹ ਆਉਣ ਤੇ ਛੱਪੜ ਓਵਰਫਲੋ ਹੋਣ ਕਾਰਨ ਇਸ ਅਗਵਾੜ ਦੇ ਘਰਾਂ ਵਿੱਚ ਤਿੰਨ ਤੋਂ ਚਾਰ ਫੁੱਟ ਤਕ ਗੰਦਾ ਪਾਣੀ ਘਰਾਂ ਜਮਾਂ ਹੋ ਜਾਂਦਾ ਹੈ। ਇੱਥੋਂ ਤਕ ਕਿ ਗੰਦਾ ਪਾਣੀ ਰਸੋਈਆਂ ਤਕ ਵੜ ਜਾਂਦਾ ਹੈ। ਇਸ ਦਾ ਮੁੱਖ ਕਾਰਨ ਛੱਪੜ ਤੋਂ ਡਰੇਨ ਵੱਲ ਜਾ ਰਿਹਾ ਸੀਵਰੇਜ ਪਿਛਲੇ ਲੰਮੇ ਸਮੇਂ ਤੋਂ ਬੰਦ ਹੋਇਆ ਪਿਆ ਹੈ। ਇਸ ਸਬੰਧੀ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨਾਲ ਕਈ ਵਾਰ ਗੱਲਬਾਤ ਵੀ ਕੀਤੀ ਤਾਂ ਉਨ੍ਹਾਂ ਨੇ ਇਸ ਨੂੰ ਸਾਫ ਕਰਾਉਣ ਲਈ ਜੈਟ ਮਸ਼ੀਨ ਭੇਜਣ ਦਾ ਭਰੋਸਾ ਵੀ ਦਵਾਇਆ ਗਿਆ ਸੀ, ਜਿਹੜਾ ਕਿ ਭਰੋਸਾ ਹੀ ਬਣ ਕੇ ਰਹਿ ਗਿਆ। ਹਾਲੇ ਤਕ ਉਹ ਜ਼ੈਟ ਮਸ਼ੀਨ ਦੇ ਦਰਸ਼ਨ ਤਕ ਵੀ ਨਹੀਂ ਹੋਏ। ਸੀਵਰੇਜ ਸਾਫ ਕਰਨ ਦੀ ਗੱਲ ਤਾਂ ਬਹੁਤ ਦੂਰ ਹੈ। ਸੀਵਰੇਜ ਸਾਫ ਕਰਨ ਵਾਲੀ ਜੈਟ ਮਸ਼ੀਨ ਸਿਰਫ ਭਾਸ਼ਣ ਦੇ ਵਿੱਚ ਹੀ ਬਣ ਕੇ ਰਹਿ ਗਈ, ਜਿਸ ਤੋਂ ਦੁਖੀ ਅਗਵਾੜ ਦੇ ਵਸਨੀਕਾਂ ਵੱਲੋਂ ਕਈ ਵਾਰ ਨਗਰ ਪੰਚਾਇਤ ਦੇ ਪ੍ਰਧਾਨ ਲਖਵੀਰ ਸਿੰਘ ਲੱਖੀ ਜਵੰਧਾ ਅਤੇ ਮੌਜੂਦਾ ਕੌਂਸਲਰ ਤੋਂ ਇਲਾਵਾ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਨਾਲ ਨਾਲ ਉੱਚ ਅਧਿਕਾਰੀਆਂ ਨੂੰ ਵੀ ਕਈ ਵਾਰ ਸੂਚਿਤ ਕਰ ਚੁੱਕੇ ਹਨ। ਪਰ ਇਸ ਗੱਲ ਨੂੰ ਅਣਗੌਲਿਆਂ ਕਰਦਿਆਂ ਕੋਈ ਵੀ ਗੌਰ ਨਹੀਂ ਕੀਤੀ ਗਈ, ਜਿਸ ਦਾ ਖਮਿਆਜ਼ਾ ਨਾਮਧਾਰੀ ਅਗਵਾੜ ਨੂੰ ਹੀ ਨਹੀਂ ਬਲਕਿ ਮੇਨ ਬਾਜ਼ਾਰ ਅਤੇ ਮੇਨ ਛੇਵੇਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਨੂੰ ਜਾਣ ਵਾਲਾ ਰਾਸਤਾ ਅਤੇ ਨਗਰ ਕੀਰਤਨ ਰੋਡ ਦੇ ਨਾਲ ਨਾਲ ਜਾਣਿਆ ਜਾਂਦਾ ਅਤੇ ਸਾਰੇ ਸਕੂਲਾਂ ਨੂੰ ਜਾਣ ਵਾਲਾ ਇਹ ਮੁੱਖ ਰਸਤਾ ਹੈ, ਜਿਸ ਕਾਰਨ ਉਨ੍ਹਾਂ ਲੋਕਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਉਪਰੰਤ ਵੀ ਕਿਸੇ ਵੀ ਉੱਚ ਅਧਿਕਾਰੀ ਅਤੇ ਨਗਰ ਪੰਚਾਇਤ ਵੱਲੋਂ ਟਾਲ ਮਟੋਲ ਕਰਕੇ ਇਸ ਨੂੰ ਅਣਗੌਲਿਆ ਕੀਤਾ ਜਾਂਦਾ ਸੀ। ਇਸ ਛੱਪੜ ਸਬੰਧੀ ਸੋਸ਼ਲ ਮੀਡੀਆ ਉੱਪਰ ਵੀ ਬਹੁਤ ਵੀਡੀਓ ਅਪਲੋਡ ਕੀਤੀਆਂ ਗਈਆਂ, ਜਿਸ ’ਤੇ ਕਿਸੇ ਵੀ ਅਧਿਕਾਰੀ, ਪ੍ਰਧਾਨ ਜਾਂ ਕੌਂਸਲਰ ਅਤੇ ਹਲਕਾ ਵਿਧਾਇਕ ’ਤੇ ਕੋਈ ਵੀ ਅਸਰ ਨਹੀਂ ਹੋਇਆ, ਜਿਸ ਨੂੰ ਲੈ ਕੇ ਅੱਜ ਨਾਮਧਾਰੀ ਅਗਵਾੜ ਦੇ ਮੋਹਤਬਰਾਂ ਵੱਲੋਂ ਐੱਸਡੀਐੱਮ ਫੂਲ ਵੀਰਪਾਲ ਕੌਰ ਨੂੰ ਛੱਪੜ ਦੀ ਸਫਾਈ ਸਬੰਧੀ ਇਕ ਮੰਗ ਪੱਤਰ ਸੌਂਪਿਆ ਗਿਆ। ਇਸ ਉਪਰੰਤ ਐੱਸਡੀਐੱਮ ਫੂਲ ਵੀਰਪਾਲ ਕੌਰ ਵੱਲੋਂ ਭਰੋਸਾ ਦਵਾਇਆ ਗਿਆ ਹੈ ਕਿ ਇਸ ਛੱਪੜ ਸਬੰਧੀ ਸਰਵੇਖਣ ਕਰਵਾ ਕੇ ਜਲਦ ਤੋਂ ਜਲਦ ਸਫਾਈ ਕਰਵਾਈ ਜਾਵੇਗੀ। ਇਸ ਮੌਕੇ ਰਿਪਦਮਨ ਸਿੰਘ ਪੱਪੂ ,ਡਾਕਟਰ ਦਰਸ਼ਨ ਸਿੰਘ, ਜੀਤ ਸਿੰਘ, ਗੋਪੀ ਸਿੰਘ, ਦਰਸ਼ਨ ਸਿੰਘ ਅਤੇ ਹਰਮੀਤ ਸਿੰਘ ਆਦਿ ਨਾਮਧਾਰੀ ਅਗਵਾੜ ਦੇ ਸੂਝਵਾਨ ਵਿਅਕਤੀ ਹਾਜ਼ਰ ਸਨ।