ਦੋ ਵੱਖ-ਵੱਖ ਹਾਦਸਿਆਂ ’ਚ ਤਿੰਨ ਗੰਭੀਰ ਜ਼ਖਮੀ
ਬਠਿੰਡਾ ‘ਚ ਦੋ ਵੱਖ-ਵੱਖ ਸੜਕ ਹਾਦਸੇ, ਤਿੰਨ ਲੋਕ ਗੰਭੀਰ ਜ਼ਖਮੀ
Publish Date: Sat, 11 Apr 2026 05:13 PM (IST)
Updated Date: Sun, 12 Apr 2026 04:03 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ. ਬਠਿੰਡਾ : ਸ਼ਹਿਰ ਵਿੱਚ ਦੋ ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਇਕ ਸੁਰੱਖਿਆ ਗਾਰਡ ਸਣੇ ਤਿੰਨ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪਹਿਲਾ ਹਾਦਸਾ ਬਠਿੰਡਾ-ਗੋਨਿਆਣਾ ਰੋਡ ‘ਤੇ ਐਨਐਫਐਲ ਗੇਟ ਨੇੜੇ ਵਾਪਰਿਆ, ਜਿੱਥੇ ਇਕ ਤੇਜ਼ ਰਫ਼ਤਾਰ ਕਾਰ ਨੇ ਸੁਰੱਖਿਆ ਗਾਰਡ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਸੁਰੱਖਿਆ ਗਾਰਡ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਦੀ ਪਛਾਣ ਗੁਰਨਾਮ ਸਿੰਘ (60) ਪੁੱਤਰ ਮੱਘਰ ਸਿੰਘ ਵਾਸੀ ਹੰਸ ਨਗਰ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਟੀਮ ਦੇ ਰਾਜਿੰਦਰ ਕੁਮਾਰ ਮੌਕੇ ’ਤੇ ਪੁੱਜੇ ਤੇ ਜ਼ਖਮੀ ਨੂੰ ਤੁਰੰਤ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ। ਦੂਜਾ ਹਾਦਸਾ ਸਥਾਨਕ 100 ਫੁੱਟੀ ਰੋਡ ‘ਤੇ ਇਕ ਬੇਕਰੀ ਦੇ ਸਾਹਮਣੇ ਵਾਪਰਿਆ, ਜਿੱਥੇ ਹਾਈਡਰਾ ਮਸ਼ੀਨ ਨੇ ਸਕੂਟਰ ਸਵਾਰ ਪਤੀ-ਪਤਨੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਦੋਵੇਂ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਛਾਣ ਅਰਵਿੰਦਰ ਕੁਮਾਰ (60) ਪੁੱਤਰ ਹੰਸ ਰਾਜ ਅਤੇ ਉਸ ਦੀ ਪਤਨੀ ਕਿਰਨ 55 ਵਾਸੀ ਪਾਵਰ ਹਾਊਸ ਰੋਡ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਅਰਵਿੰਦਰ ਕੁਮਾਰ ਦੀ ਇਕ ਲੱਤ ਬੁਰੀ ਤਰ੍ਹਾਂ ਕੁਚਲੀ ਗਈ। ਸੂਚਨਾ ਮਿਲਣ ‘ਤੇ ਸਹਾਰਾ ਜਨ ਸੇਵਾ ਦੀ ਟੀਮ ਦੇ ਸੰਦੀਪ ਗਿੱਲ ਮੌਕੇ ‘ਤੇ ਪਹੁੰਚੇ ਅਤੇ ਦੋਵੇਂ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।