- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਲਵਾ ਕਾਲਜ ਦੇ ਵਿਦਿਆਰਥੀਆਂ ਨੇ ਇਕ ਰੋਜ਼ਾ ਵਿੱਦਿਅਕ ਦੌਰਾ ਕੀਤਾ

ਸਟਾਫ਼ ਰਿਪੋਰਟਰ , ਪੰਜਾਬੀ ਜਾਗਰਣ, ਬਠਿੰਡਾ : ਮਾਲਵਾ ਕਾਲਜ ਬਠਿੰਡਾ ਦੇ ਆਰਟਸ ਵਿਭਾਗ ਵੱਲੋਂ ਇਕ ਰੋਜ਼ਾ ਵਿੱਦਿਅਕ ਦੌਰਾ ਕੀਤਾ ਗਿਆ। ਪ੍ਰਿੰਸੀਪਲ ਡਾ. ਮਨਜੀਤ ਸਿੰਘ ਤੇ ਆਰਟਸ ਵਿਭਾਗ ਮੁਖੀ ਪ੍ਰੋ. ਜਸਵੀਰ ਕੌਰ ਦੀ ਯੋਗ ਅਗਵਾਈ ਹੇਠ ਇਸ ਵਿਦਿਅਕ ਦੌਰੇ ਨੂੰ ਉਲੀਕਿਆ ਗਿਆ। ਇਸ ਯਾਤਰਾ ਦੀ ਸ਼ੁਰੂਆਤ ਕਾਲਜ ਦੇ ਵਿਹੜੇ ਵਿਚ ਅਰਦਾਸ ਬੇਨਤੀ ਨਾਲ ਹੋਈ। ਇਸ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਨੇ ਮਾਹੌਲ ਨੂੰ ਆਤਮਿਕ ਰੰਗ ਨਾਲ ਭਰ ਦਿੱਤਾ। ਯਾਤਰਾ ਦੌਰਾਨ ਪਹਿਲਾ ਪਵਿੱਤਰ ਠਹਿਰਾਓ ਗੁਰਦੁਆਰਾ ਰਾੜਾ ਸਾਹਿਬ ਲੁਧਿਆਣਾ ਵਿਖੇ ਕੀਤਾ, ਜਿੱਥੇ ਵਿਦਿਆਰਥੀਆਂ ਨੇ ਨਿਮਰਤਾ ਸਹਿਤ ਮੱਥਾ ਟੇਕਿਆ ਅਤੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਉਨ੍ਹਾਂ ਨੇ ਲੰਗਰ ਹਾਲ ’ਚ ਸੇਵਾ ਕਰਕੇ ਸਿੱਖੀ ਦੇ ਸੇਵਾ ਭਾਵ ਨੂੰ ਅਨੁਭਵ ਕੀਤਾ। ਗੁਰਦੁਆਰਾ ਸਾਹਿਬ ਦੀ ਇਤਿਹਾਸਕ ਮਹੱਤਤਾ ਬਾਰੇ ਜਾਣਕਾਰੀ ਹਾਸਲ ਕੀਤੀ। ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ, ਜਿੱਥੇ ਵਿਦਿਆਰਥੀਆਂ ਨੇ ਨਤਮਸਤਕ ਹੋ ਕੇ ਦੇ ਦਰਸ਼ਨ ਕੀਤੇ। ਇੱਥੇ ਉਨ੍ਹਾਂ ਨੂੰ ਸਿੱਖ ਇਤਿਹਾਸ, ਖਾਲਸਾ ਪੰਥ ਦੀ ਸਾਜਨਾ ਅਤੇ ਇਸ ਪਵਿੱਤਰ ਅਸਥਾਨ ਦੀ ਧਾਰਮਿਕ ਤੇ ਇਤਿਹਾਸਕ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ। ਵਿਦਿਆਰਥੀਆਂ ਨੂੰ ਖਾਲਸੇ ਦੀ ਮਹਾਨਤਾ, ਬਹਾਦਰੀ ਅਤੇ ਨਿਸ਼ਕਾਮ ਸੇਵਾ ਦੀ ਭਾਵਨਾ ਨਾਲ ਰੂਬਰੂ ਕਰਵਾਇਆ ਗਿਆ, ਜਿਸ ਨੇ ਉਨ੍ਹਾਂ ਦੇ ਮਨਾਂ ਵਿਚ ਡੂੰਘਾ ਅਸਰ ਛੱਡਿਆ। ਇਸ ਯਾਤਰਾ ਦਾ ਇਕ ਹੋਰ ਵਿਸ਼ੇਸ਼ ਆਕਰਸ਼ਣ ਸੀ, ਜੋ ਸਿੱਖ ਇਤਿਹਾਸ ਅਤੇ ਵਿਰਾਸਤ ਨੂੰ ਆਧੁਨਿਕ ਢੰਗ ਨਾਲ ਦਰਸਾਉਂਦਾ ਵਿਸ਼ਵ ਪ੍ਰਸਿੱਧ ਅਜਾਇਬਘਰ ਵਿਰਾਸਤ ਏ ਖਾਲਸਾ ਹੈ। ਇੱਥੇ ਵਿਦਿਆਰਥੀਆਂ ਨੇ ਬੜੀ ਰੁਚੀ ਅਤੇ ਨਿਮਰਤਾ ਨਾਲ ਖਾਲਸੇ ਦੀ ਵਿਰਾਸਤ ਅਤੇ ਸਿੱਖ ਵਿਚਾਰਧਾਰਾ ਨੂੰ ਡੂੰਘਾਈ ਨਾਲ ਸਮਝਿਆ। ਕਾਲਜ ਦੇ ਪ੍ਰੋਫੈਸਰ ਸਾਹਿਬਾਨ ਵੱਲੋਂ ਵਿਦਿਆਰਥੀਆਂ ਨੂੰ ਇਸ ਪਵਿੱਤਰ ਧਰਤੀ ਦੀ ਇਤਿਹਾਸਕ ਮਹਾਨਤਾ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ, ਜਿਸ ਨਾਲ ਉਨ੍ਹਾਂ ਨੂੰ ਸਿੱਖ ਧਰਮ, ਸਿੱਖ ਪੰਥ ਅਤੇ ਸਿੱਖੀ ਦੇ ਉੱਚ ਆਦਰਸ਼ਾਂ ਦੀ ਸਮਝ ਪ੍ਰਾਪਤ ਹੋਈ। ਵਾਪਸੀ ਦੌਰਾਨ ਪ੍ਰੋ. ਸਾਹਿਬਾਨ ਤੇ ਵਿਦਿਆਰਥੀਆਂ ਦੀ ਇਹ ਟੀਮ ਗੁਰਦੁਆਰਾ ਜੋਤੀ ਸਰੂਪ ਸਰਹੰਦ ਵਿਖੇ ਪਹੁੰਚੇ, ਜਿਸਨੂੰ ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਵਜੋਂ ਵੀ ਜਾਣਿਆ ਜਾਂਦਾ ਹੈ। ਇੱਥੇ ਪ੍ਰੋਫੈਸਰ ਸਾਹਿਬਾਨਾਂ ਨੇ ਵਿਦਿਆਰਥੀਆਂ ਨੂੰ ਸਿੱਖੀ ਇਤਿਹਾਸ ਦੀਆਂ ਮਹਾਨ ਕੁਰਬਾਨੀਆਂ ਬਾਰੇ ਦੱਸਿਆ ਗਿਆ ਕਿ ਕਿਵੇਂ ਹਕੂਮਤ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਅਤੇ ਦੀਵਾਨ ਟੋਡਰ ਮੱਲ ਨੇ ਮੋਹਰਾਂ ਵਿਛਾ ਕੇ ਕਿਸ ਤਰ੍ਹਾਂ ਇਹ ਜਮੀਨ ਖਰੀਦੀ , ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦਾ ਇਸ ਥਾਂ ’ਤੇ ਅੰਤਿਮ ਸੰਸਕਾਰ ਕੀਤਾ ਗਿਆ।
ਇਸ ਵਿੱਦਿਅਕ ਦੌਰੇ ਵਿਚ ਵਿਦਿਆਰਥੀਆਂ ਦੀ ਯੋਗ ਅਗਵਾਈ ਲਈ ਪ੍ਰੋਫੈਸਰ ਨਿਰਵੈਰ ਸਿੰਘ, ਪ੍ਰੋਫੈਸਰ ਜਸਵਿੰਦਰ ਕੌਰ ਅਤੇ ਪ੍ਰੋਫੈਸਰ ਸੁਖਪ੍ਰੀਤ ਕੌਰ ਵੀ ਨਾਲ ਸਨ। ਇਹ ਦੌਰਾ ਵਿਦਿਆਰਥੀਆਂ ਲਈ ਸਿਰਫ ਇਕ ਯਾਤਰਾ ਹੀ ਨਹੀਂ, ਸਗੋਂ ਆਤਮਿਕ ਅਤੇ ਇਤਿਹਾਸਕ ਗਿਆਨ ਨਾਲ ਭਰਪੂਰ ਇਕ ਅਨਮੋਲ ਅਨੁਭਵ ਸਾਬਤ ਹੋਇਆ।