ਕਿਸਾਨੀ ਸੰਕਟ ਦੂਰ ਕਰਨ ਲਈ ਸਰਕਾਰ ਠੋਸ ਨੀਤੀ ਬਣਾਵੇ : ਕੋਟਫੱਤਾ
ਕਿਸਾਨੀ ਸੰਕਟ ਦੂਰ ਕਰਨ ਲਈ ਪੰਜਾਬ ਸਰਕਾਰ ਠੋਸ ਨੀਤੀ ਬਣਾਵੇ: ਕੋਟਫੱਤਾ
Publish Date: Fri, 10 Apr 2026 06:17 PM (IST)
Updated Date: Sat, 11 Apr 2026 04:09 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਕਿਸਾਨ ਕਾਂਗਰਸ ਦੇ ਸਪੋਕਸਮੈਨ ਤੇ ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਕੋਟਫੱਤਾ ਨੇ ਕਿਹਾ ਕਿ ਪੰਜਾਬ ਸਮੇਤ ਦੇਸ਼ ਭਰ ਵਿੱਚ ਖੇਤੀਬਾੜੀ ਖੇਤਰ ਪਿਛਲੇ ਕੁਝ ਸਾਲਾਂ ਤੋਂ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਕਿਸਾਨ ਜੋ ਦੇਸ਼ ਦੀ ਅੰਨਦਾਤਾ ਮੰਨੇ ਜਾਂਦੇ ਹਨ, ਵਧ ਰਹੇ ਖਰਚਿਆਂ, ਘਟਦੀ ਆਮਦਨ ਤੇ ਮੌਸਮੀ ਤਬਦੀਲੀਆਂ ਕਾਰਨ ਆਰਥਿਕ ਦਬਾਅ ਹੇਠ ਹਨ। ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਇਕ ਮਜ਼ਬੂਤ ਅਤੇ ਲੰਬੇ ਸਮੇਂ ਲਈ ਖੇਤੀ ਨੀਤੀ ਲਾਗੂ ਕਰੇ। ਕੋਟਫੱਤਾ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਖਾਦਾਂ, ਬੀਜਾਂ, ਕੀਟਨਾਸ਼ਕਾਂ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਬੇਹੱਦ ਵਾਧਾ ਹੋਇਆ ਹੈ। ਇਸ ਨਾਲ ਖੇਤੀ ਦੀ ਲਾਗਤ ਕਾਫ਼ੀ ਵੱਧ ਗਈ ਹੈ, ਜਦਕਿ ਫਸਲਾਂ ਤੋਂ ਮਿਲਣ ਵਾਲੀ ਆਮਦਨ ਉਸੇ ਦਰ ਨਾਲ ਨਹੀਂ ਵਧੀ। ਮੌਸਮੀ ਤਬਦੀਲੀਆਂ ਨੇ ਵੀ ਖੇਤੀਬਾੜੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਬੇਮੌਸਮੀ ਬਾਰਿਸ਼, ਸੁੱਕਾ ਅਤੇ ਗਰਮੀ ਦੀਆਂ ਲਹਿਰਾਂ ਕਾਰਨ ਫਸਲਾਂ ਨੂੰ ਨੁਕਸਾਨ ਪਹੁੰਚਦਾ ਹੈ, ਜਿਸ ਨਾਲ ਉਤਪਾਦਨ ਘਟਦਾ ਹੈ ਤੇ ਆਮਦਨ ਅਸਥਿਰ ਰਹਿੰਦੀ ਹੈ। ਮਾਹਿਰਾਂ ਅਨੁਸਾਰ ਮੌਸਮ ਅਨੁਕੂਲ ਤਕਨੀਕਾਂ ਅਤੇ ਬੀਮਾ ਯੋਜਨਾਵਾਂ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ। ਮੰਡੀਆਂ ਵਿੱਚ ਠੀਕ ਕੀਮਤ ਨਾ ਮਿਲਣਾ ਵੀ ਇੱਕ ਵੱਡੀ ਸਮੱਸਿਆ ਹੈ। ਸਟੋਰੇਜ ਦੀ ਘਾਟ ਅਤੇ ਸਿੱਧੀ ਮਾਰਕੀਟ ਤੱਕ ਪਹੁੰਚ ਨਾ ਹੋਣ ਕਾਰਨ ਕਿਸਾਨਾਂ ਨੂੰ ਅਕਸਰ ਘੱਟ ਕੀਮਤ ‘ਤੇ ਆਪਣੀ ਫਸਲ ਵੇਚਣੀ ਪੈਂਦੀ ਹੈ। ਇਸ ਸਥਿਤੀ ਨੂੰ ਸੁਧਾਰਨ ਲਈ ਮਜ਼ਬੂਤ ਮਾਰਕੀਟਿੰਗ ਪ੍ਰਣਾਲੀ ਅਤੇ ਸਿੱਧੀ ਖਰੀਦ ਮਾਡਲ ਲਾਗੂ ਕਰਨ ਦੀ ਲੋੜ ਹੈ। ਖੇਤੀਬਾੜੀ ਵਿੱਚ ਸੁਧਾਰ ਲਈ ਲੰਬੇ ਸਮੇਂ ਦੀ ਯੋਜਨਾ, ਸਸਤਾ ਕਰਜ਼ਾ, ਬੀਮਾ ਸਹੂਲਤਾਂ ਅਤੇ ਕਿਸਾਨਾਂ ਲਈ ਟ੍ਰੇਨਿੰਗ ਬਹੁਤ ਜ਼ਰੂਰੀ ਹਨ। ਜੇਕਰ ਸਰਕਾਰ ਵੱਲੋਂ ਸਮੇਂ ਸਿਰ ਪ੍ਰਭਾਵਸ਼ਾਲੀ ਕਦਮ ਚੁੱਕੇ ਗਏ ਤਾਂ ਨਾ ਸਿਰਫ਼ ਕਿਸਾਨਾਂ ਦੀ ਆਰਥਿਕ ਹਾਲਤ ਸੁਧਰੇਗੀ, ਸਗੋਂ ਦੇਸ਼ ਦੀ ਅਰਥਵਿਵਸਥਾ ਨੂੰ ਵੀ ਮਜ਼ਬੂਤੀ ਮਿਲੇਗੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਗੜੇਮਾਰੀ ਨਾਲ ਨੁਕਸਾਨੀ ਫਸਲ ਦਾ 50 ਹਜ਼ਾਰ ਰਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।