ਉਦਯੋਗ ਮੰਤਰੀ ਵੱਲੋਂ ਐੱਚਐੱਮਈਐੱਲ ਦੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦਾ ਦੌਰਾ
ਉਦਯੋਗ ਮੰਤਰੀ ਨੇ ਐਚਐਮਈਐਲ ਦੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦਾ ਕੀਤਾ ਦੌਰਾ
Publish Date: Fri, 10 Apr 2026 06:16 PM (IST)
Updated Date: Sat, 11 Apr 2026 04:09 AM (IST)
-ਪੰਜਾਬ ਨੂੰ ਪੈਟਰੋਕੈਮੀਕਲ ਹੱਬ ਵਜੋਂ ਵਿਕਸਤ ਕਰਨ ਦਾ ਵਿਜ਼ਨ ਕੀਤਾ ਪੇਸ਼
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਦੇ ਉਦਯੋਗਿਕ ਵਿਕਾਸ ਪ੍ਰਤੀ ਆਪਣੀ ਮਜ਼ਬੂਤ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਪਾਰ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਨੇ ਅੱਜ ਐਚਪੀਸੀਐਲ-ਮਿੱਤਲ ਐਨਰਜੀ ਲਿਮਿਟੇਡ (ਐਚਐਮਈਐਲ) ਦੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਬਠਿੰਡਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਰਿਫਾਇਨਰੀ ਦੇ ਵਿਸ਼ਵ-ਪੱਧਰੀ ਢਾਂਚੇ, ਮਜ਼ਬੂਤ ਸੁਰੱਖਿਆ ਸੰਸਕਾਰ ਅਤੇ ਆਧੁਨਿਕ ਤਕਨੀਕੀ ਪਹਿਲਾਂ ਦੀ ਖੁੱਲ੍ਹ ਕੇ ਸਰਾਹਨਾ ਕੀਤੀ। ਰਿਫਾਇਨਰੀ ਪਹੁੰਚਣ ’ਤੇ ਮੰਤਰੀ ਦਾ ਸਵਾਗਤ ਐਚਐਮਈਐਲ ਦੇ ਐਮਡੀ ਅਤੇ ਸੀਈਓ ਪ੍ਰਭ ਦਾਸ ਅਤੇ ਸੀਨੀਅਰ ਲੀਡਰਸ਼ਿਪ ਟੀਮ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਰਿਫਾਇਨਰੀ ਦੀਆਂ ਮੁੱਖ ਓਪਰੇਸ਼ਨਲ ਯੂਨਿਟਾਂ ਦਾ ਨਿਰੀਖਣ ਕੀਤਾ ਤੇ ਐੱਚਐੱਮਈਐੱਲ ਦੀ ਲੀਡਰਸ਼ਿਪ ਨਾਲ ਵਿਸਥਾਰਪੂਰਵਕ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਇੱਥੇ ਵਰਤੀ ਜਾ ਰਹੀਆਂ ਅਤਿ-ਆਧੁਨਿਕ ਤਕਨੀਕਾਂ ਤੇ ਸਰਵੋਤਮ ਪ੍ਰਬੰਧਕੀ ਪ੍ਰਣਾਲੀਆਂ ਬਾਰੇ ਜਾਣਕਾਰੀ ਦਿੱਤੀ ਗਈ। ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਨਵੀਂ ਉਦਯੋਗ ਨੀਤੀ 2026 ਪੰਜਾਬ ਦੇ ਉਦਯੋਗਿਕ ਦ੍ਰਿਸ਼ ਨੂੰ ਨਵੀਂ ਦਿਸ਼ਾ ਦੇਵੇਗੀ ਅਤੇ ਵੱਡੇ ਪੱਧਰ ’ਤੇ ਨਿਵੇਸ਼ ਨੂੰ ਆਕਰਸ਼ਿਤ ਕਰੇਗੀ। ਉਨ੍ਹਾਂ ਨੇ ਇਹ ਵੀ ਖੁਸ਼ੀ ਪ੍ਰਗਟਾਈ ਕਿ ਐੱਚਐੱਮਈਐੱਲ ਸਮੂਹ ਪੰਜਾਬ ਵਿਚ ਸਭ ਤੋਂ ਵੱਧ ਸਿੰਗਲ-ਸਾਈਟ ਨਿਵੇਸ਼ ਕਰਨ ਵਾਲੀ ਪ੍ਰਮੁੱਖ ਕੰਪਨੀ ਹੈ, ਜਿੱਥੇ ਕੰਪਨੀ ਦਾ ਕੁੱਲ ਨਿਵੇਸ਼ ਲਗਭਗ 60,000 ਕਰੋੜ ਤੱਕ ਪਹੁੰਚ ਚੁੱਕਾ ਹੈ। ਇਸ ਦੇ ਨਾਲ ਹੀ, ਫਾਈਨ ਕੈਮੀਕਲ ਸੈਕਟਰ ਵਿੱਚ ਐੱਚਐੱਮਈਐੱਲ ਵੱਲੋਂ ਹਾਲ ਹੀ ਵਿਚ ਐਲਾਨੇ 2,600 ਕਰੋੜ ਦੇ ਨਿਵੇਸ਼ ਨੂੰ ਉਨ੍ਹਾਂ ਨੇ ਸੂਬੇ ਦੀ ਉਦਯੋਗਿਕ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਵਾਲਾ ਇੱਕ ਮਹੱਤਵਪੂਰਨ ਕਦਮ ਕਰਾਰ ਦਿੱਤਾ। ਉਨ੍ਹਾਂ ਨੇ ਐੱਚਐੱਮਈਐੱਲ ਦੇ ਉੱਚ ਸੁਰੱਖਿਆ ਅਤੇ ਕੁਸ਼ਲਤਾ ਮਾਪਦੰਡਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਉਨ੍ਹਾਂ ਨੇ ਰਿਫਾਇਨਰੀ ਵਿਚ ਸਥਿਤ ਏਸ਼ੀਆ ਦੇ ਸਭ ਤੋਂ ਵੱਡੇ ਆਟੋਮੈਟਿਕ ਪ੍ਰੋਡਕਟ ਸਟੋਰੇਜ ਵੇਅਰਹਾਊਸ ਦਾ ਵੀ ਦੌਰਾ ਕੀਤਾ। ਉਨ੍ਹਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਸੂਬੇ ਨੂੰ ਭਾਰਤ ਦੇ ਪ੍ਰਮੁੱਖ ਪੈਟਰੋਕੈਮਿਕਲ ਹੱਬ ਵਜੋਂ ਵਿਕਸਤ ਕਰਨ ਲਈ ਹਰ ਸੰਭਵ ਸਹਿਯੋਗ ਦੇਵੇਗੀ ਅਤੇ ਡਾਊਨਸਟ੍ਰੀਮ ਉਦਯੋਗਾਂ ਲਈ ਨਿਵੇਸ਼-ਅਨੁਕੂਲ ਵਾਤਾਵਰਨ ਤਿਆਰ ਕੀਤਾ ਜਾਵੇਗਾ। ਇਸ ਮੌਕੇ ਮੰਤਰੀ ਨੇ ਐਚਐਮਈਐਲ ਦੀਆਂ ਸੀਐਸਆਰ ਪਹਿਲਾਂ ਦੀ ਵੀ ਸਰਾਹਨਾ ਕੀਤੀ। ਅੰਤ ਵਿਚ ਐੱਚਐੱਮਈਐੱਲ ਦੀ ਲੀਡਰਸ਼ਿਪ ਨੇ ਮੰਤਰੀ ਦਾ ਦੌਰੇ ਲਈ ਧੰਨਵਾਦ ਕੀਤਾ।