ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹਨ ਡਾ. ਸੈਮੂਅਲ ਹੈਨੀਮੈਨ
ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਮਹਾਨ ਵਿਦਵਾਨ ਹੋਮਿਓਪੈਥੀ ਦੇ ਜਨਮਦਾਤਾ ਡਾ. ਸੈਮੂਅਲ ਹੈਨੀਮੈਨ
Publish Date: Fri, 10 Apr 2026 06:06 PM (IST)
Updated Date: Sat, 11 Apr 2026 04:09 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਹਰ ਸਾਲ 10 ਅਪ੍ਰੈਲ ਦਾ ਦਿਨ ਦੁਨੀਆ ਭਰ ਵਿਚ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਵਿਸ਼ਵ ਹੋਮਿਓਪੈਥੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਹੋਮਿਓਪੈਥੀ ਦੇ ਸੰਸਥਾਪਕ ਡਾ. ਕ੍ਰਿਸਚਨ ਫ੍ਰੀਡਰਿਖ ਸੈਮੂਅਲ ਹੈਨੀਮੈਨ ਦਾ ਜਨਮ ਹੋਇਆ ਸੀ। ਡਾ. ਹੈਨੀਮੈਨ ਸਿਰਫ਼ ਇਕ ਡਾਕਟਰ ਹੀ ਨਹੀਂ ਸਨ, ਸਗੋਂ ਉਹ ਮਹਾਨ ਵਿਗਿਆਨੀ, ਚਿੰਤਕ ਤੇ ਸਮਾਜ ਸੇਵੀ ਵੀ ਸਨ। ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਮਨੁੱਖਤਾ ਦੀ ਪੀੜਾ ਘਟਾਉਣ ਲਈ ਸਮਰਪਿਤ ਕਰ ਦਿੱਤੀ। ਉਨ੍ਹਾਂ ਦਾ ਜਨਮ 10 ਅਪ੍ਰੈਲ 1755 ਨੂੰ ਜਰਮਨੀ ਦੇ ਮਾਈਸਨ ਸ਼ਹਿਰ ਵਿਚ ਹੋਇਆ। ਬਚਪਨ ਤੋਂ ਹੀ ਉਹ ਬਹੁਤ ਤੇਜ਼, ਅਧਿਐਨਸ਼ੀਲ ਅਤੇ ਜਿਗਿਆਸੂ ਸੁਭਾਅ ਦੇ ਮਾਲਕ ਸਨ। ਉਨ੍ਹਾਂ ਨੇ ਡਾਕਟਰੀ ਵਿਗਿਆਨ ਦੀ ਪੜ੍ਹਾਈ ਕਰਕੇ ਇਕ ਯੋਗ ਚਿਕਿਤਸਿਕ ਵਜੋਂ ਆਪਣੀ ਪਛਾਣ ਬਣਾਈ ਪਰ ਉਸ ਸਮੇਂ ਦੀ ਇਲਾਜ ਪ੍ਰਣਾਲੀ ਨਾਲ ਉਹ ਸੰਤੁਸ਼ਟ ਨਹੀਂ ਸਨ, ਕਿਉਂਕਿ ਕਈ ਇਲਾਜ ਮਰੀਜ਼ ਲਈ ਦਰਦਨਾਕ ਅਤੇ ਕਈ ਵਾਰ ਹਾਨੀਕਾਰਕ ਵੀ ਹੁੰਦੇ ਸਨ। ਇਸੇ ਕਾਰਨ ਉਨ੍ਹਾਂ ਨੇ ਇਕ ਨਵੀਂ ਤੇ ਸੁਖਾਲੀ ਇਲਾਜ ਪ੍ਰਣਾਲੀ ਦੀ ਖੋਜ ਸ਼ੁਰੂ ਕੀਤੀ। ਕਈ ਸਾਲਾਂ ਦੀ ਮਹਿਨਤ, ਪ੍ਰਯੋਗਾਂ ਅਤੇ ਅਧਿਐਨ ਤੋਂ ਬਾਅਦ ਉਨ੍ਹਾਂ ਨੇ ਹੋਮਿਓਪੈਥੀ ਦੇ ਸਿਧਾਂਤ ਨੂੰ ਸੰਸਾਰ ਸਾਹਮਣੇ ਰੱਖਿਆ। ਉਨ੍ਹਾਂ ਨੇ ਸਿਰਫ਼ ਇਕ ਨਵਾਂ ਇਲਾਜ ਹੀ ਨਹੀਂ ਦਿੱਤਾ, ਸਗੋਂ ਮਰੀਜ਼ ਨੂੰ ਸਰੀਰ, ਮਨ ਅਤੇ ਪ੍ਰਕਿਰਤੀ ਦੇ ਸਮੂਹਕ ਰੂਪ ਵਿਚ ਦੇਖਣ ਦੀ ਸੋਚ ਵੀ ਦਿੱਤੀ। ਉਨ੍ਹਾਂ ਦਾ ਮੰਨਣਾ ਸੀ ਕਿ ਅਸਲ ਇਲਾਜ ਉਹ ਹੈ, ਜੋ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰੇ, ਨਾ ਕਿ ਕੇਵਲ ਲੱਛਣਾਂ ਨੂੰ ਕੁਝ ਸਮੇਂ ਲਈ ਦਬਾਏ। ਇਸੇ ਕਰਕੇ ਅੱਜ ਵੀ ਹੋਮਿਓਪੈਥੀ ਨੂੰ ਦੁਨੀਆ ਭਰ ਵਿਚ ਇਕ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਲੋਕਪ੍ਰਿਅ ਇਲਾਜ ਪ੍ਰਣਾਲੀ ਵਜੋਂ ਮੰਨਿਆ ਜਾਂਦਾ ਹੈ। ਡਾ. ਹੈਨੀਮੈਨ ਦਾ ਜਨਮ ਦਿਵਸ ਸਾਨੂੰ ਇਹ ਸਿੱਖ ਦਿੰਦਾ ਹੈ ਕਿ ਜੇਕਰ ਕਿਸੇ ਵਿਅਕਤੀ ਵਿਚ ਸੇਵਾ ਭਾਵਨਾ, ਖੋਜੀ ਸੋਚ ਅਤੇ ਮਨੁੱਖਤਾ ਲਈ ਦਰਦ ਹੋਵੇ, ਤਾਂ ਉਹ ਸਮਾਜ ਨੂੰ ਇਕ ਨਵੀਂ ਦਿਸ਼ਾ ਦੇ ਸਕਦਾ ਹੈ। ਉਨ੍ਹਾਂ ਦੀ ਸੋਚ ਅਤੇ ਸੇਵਾ ਅੱਜ ਵੀ ਲੱਖਾਂ ਹੋਮਿਓਪੈਥਿਕ ਡਾਕਟਰਾਂ ਅਤੇ ਮਰੀਜ਼ਾਂ ਲਈ ਪ੍ਰੇਰਣਾ ਦਾ ਸਰੋਤ ਹੈ।