ਡੀਐੱਸਪੀ ਦਿਹਾਤੀ ਵੱਲੋਂ ਗੁਲਾਬਗੜ੍ਹ ਦੀ ਪੰਚਾਇਤ ਨਾਲ ਹੋਈ ਮੀਟਿੰਗ
ਡੀਐਸਪੀ ਦਿਹਾਤੀ ਵੱਲੋਂ ਗੁਲਾਬਗੜ੍ਹ ਦੀ ਪੰਚਾਇਤ ਨਾਲ ਮੀਟਿੰਗ ਹੋਈ
Publish Date: Fri, 10 Apr 2026 06:00 PM (IST)
Updated Date: Sat, 11 Apr 2026 04:08 AM (IST)

ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਬਠਿੰਡਾ ਦਿਹਾਤੀ ਖੇਤਰ ਦੇ ਪਿੰਡ ਗੁਲਾਬਗੜ੍ਹ ਵਿਚ ਵਧ ਰਹੇ ਨਸ਼ੇ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰਸ਼ਾਸਨ ਵੱਲੋਂ ਤੁਰੰਤ ਕਦਮ ਚੁੱਕੇ ਗਏ ਹਨ। ਬੀਤੇ ਦਿਨੀਂ ਪੰਜਾਬ ਮੁੱਖ ਮੰਤਰੀ ਕੋਲ ਪਿੰਡ ਦੇ ਸਰਪੰਚ ਲੱਖਪ੍ਰੀਤ ਸਿੰਘ ਬਰਾੜ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਹਲਚਲ ਤੇਜ਼ ਹੋਈ ਹੈ। ਸਰਪੰਚ ਵੱਲੋਂ ਦੱਸਿਆ ਗਿਆ ਸੀ ਕਿ ਪਿੰਡ ਵਿਚ ਚਿੱਟੇ ਦਾ ਵਪਾਰ ਵੱਡੇ ਪੱਧਰ ’ਤੇ ਚੱਲ ਰਿਹਾ ਹੈ ਅਤੇ ਪੁਲਿਸ ਨੂੰ ਕੀਤੀਆਂ ਜਾਣ ਵਾਲੀਆਂ ਸ਼ਿਕਾਇਤਾਂ ਦੀ ਜਾਣਕਾਰੀ ਵੀ ਨਸ਼ਾ ਤਸਕਰਾਂ ਤਕ ਪਹੁੰਚ ਜਾਂਦੀ ਹੈ, ਜਿਸ ਕਾਰਨ ਸ਼ਿਕਾਇਤਕਾਰਾਂ ਨੂੰ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮਾਮਲੇ ’ਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਮੰਤਰੀ ਵੱਲੋਂ ਥਾਣਾ ਸਦਰ ਤੇ ਕੋਟਸ਼ਮੀਰ ਚੌਕੀ ਦੇ ਸਟਾਫ ਵਿਚ ਬਦਲਾਅ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਇਸ ਦੇ ਤਹਿਤ ਡੀਐਸਪੀ ਬਠਿੰਡਾ ਦਿਹਾਤੀ ਹਰਵਿੰਦਰ ਸਿੰਘ ਸਰਾਂ ਅਤੇ ਕੋਟਸ਼ਮੀਰ ਚੌਕੀ ਇੰਚਾਰਜ ਐਸਆਈ ਬਲਜੀਤ ਸਿੰਘ ਵੱਲੋਂ ਪਿੰਡ ਗੁਲਾਬਗੜ੍ਹ ਦਾ ਦੌਰਾ ਕਰਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਮੀਟਿੰਗ ਦੌਰਾਨ ਡੀਐਸਪੀ ਸਰਾਂ ਨੇ ਸਪਸ਼ਟ ਚਿਤਾਵਨੀ ਦਿੱਤੀ ਕਿ ਨਸ਼ਾ ਤਸਕਰ ਆਪਣੇ ਆਪ ਨੂੰ ਸੁਧਾਰ ਲੈਣ, ਨਹੀਂ ਤਾਂ ਸ਼ਿਕਾਇਤ ਮਿਲਣ ’ਤੇ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੋ ਨੌਜਵਾਨ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਚੁੱਕੇ ਹਨ, ਉਹ ਅੱਗੇ ਆ ਕੇ ਪੁਲਿਸ ਨਾਲ ਸੰਪਰਕ ਕਰਨ, ਤਾਂ ਜੋ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਦਾਖਲ ਕਰਵਾ ਕੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਿਆ ਜਾ ਸਕੇ। ਇਸ ਮੌਕੇ ਕੋਟਸ਼ਮੀਰ ਚੌਕੀ ਦਾ ਸਮੂਹ ਸਟਾਫ, ਡੀਐੱਸਪੀ ਦਿਹਾਤੀ ਦੀ ਟੀਮ, ਪੰਚਾਇਤੀ ਮੈਂਬਰ ਸਰਪੰਚ ਲਖਪ੍ਰੀਤ ਸਿੰਘ ਬਰਾੜ, ਸਾਬਕਾ ਸਰਪੰਚ ਭੋਲਾ ਸਿੰਘ, ਕਲੱਬ ਪ੍ਰਧਾਨ ਗੁਰਾਂਦਿੱਤਾ ਸਿੰਘ ਅਤੇ ਹੋਰ ਪੰਚ ਹਾਜ਼ਰ ਸਨ। ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਦੀ ਇਸ ਕਾਰਵਾਈ ਨੂੰ ਸਕਾਰਾਤਮਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਨਸ਼ੇ ਦੇ ਖ਼ਾਤਮੇ ਲਈ ਲਗਾਤਾਰ ਅਤੇ ਪੱਕੀ ਕਾਰਵਾਈ ਹੀ ਲੰਬੇ ਸਮੇਂ ਦਾ ਹੱਲ ਸਾਬਤ ਹੋ ਸਕਦੀ ਹੈ।