ਬਾਬਾ ਇੰਦਰ ਸਿੰਘ ਦੇ ਅਕਾਲ ਚਲਾਣਾ ’ਤੇ ਦੁੱਖ ਦਾ ਪ੍ਰਗਟਾਵਾ
ਬਾਬਾ ਬਲਬੀਰ ਸਿੰਘ 96 ਕਰੋੜੀ ਵੱਲੋਂ ਬਾਬਾ ਇੰਦਰ ਸਿੰਘ ਦੇ ਅਕਾਲ ਚਲਾਣਾ ’ਤੇ ਦੁੱਖ ਦਾ ਪ੍ਰਗਟਾਵਾ
Publish Date: Fri, 10 Apr 2026 05:57 PM (IST)
Updated Date: Sat, 11 Apr 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਲਵੰਡੀ ਸਾਬੋਂ : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚੱਕਰਵਰਤੀ ਚਲਦਾ ਵਹੀਰ ਨਿਹੰਗ ਸਿੰਘਾਂ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਬੁੱਢਾ ਦਲ ਦੇ ਘੋੜਿਆਂ ਦੇ ਜਥੇਦਾਰ ਬਾਬਾ ਇੰਦਰ ਸਿੰਘ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਮੁੱਚੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਬਾਬਾ ਇੰਦਰ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਨਾਲ ਦਲ ਪੰਥ ਨੂੰ ਕਦੇ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਬਾਬਾ ਇੰਦਰ ਸਿੰਘ ਛੋਟੀ ਉਮਰੇ ਹੀ ਸਿੰਘ ਸਾਹਿਬ ਬਾਬਾ ਚੇਤ ਸਿੰਘ ਮੁਖੀ ਬੁੱਢਾ ਦਲ ਦੀ ਛਤਰ ਛਾਇਆ ਹੇਠ ਦਲ ’ਚ ਸ਼ਾਮਲ ਹੋ ਗਏ। ਲੰਮਾ ਸਮਾਂ ਸਿੰਘ ਸਾਹਿਬ ਬਾਬਾ ਚੇਤ ਸਿੰਘ 12ਵੇਂ ਮੁਖੀ ਬੁੱਢਾ ਦਲ ਅਤੇ ਸਿੰਘ ਸਾਹਿਬ ਜਥੇਦਾਰ ਬਾਬਾ ਸੰਤਾ ਸਿੰਘ 13ਵੇਂ ਮੁਖੀ ਬੁੱਢਾ ਦਲ ਦੇ ਗੜ੍ਹਵਈ ਤੇ ਖਜ਼ਾਨੇ ਦੇ ਪਹਿਰੇਦਾਰ ਰਹੇ। ਸੰਨ 2007 ਵਿਚ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਅਗਵਾਈ ਵਿਚ ਦਲ ਪੰਥ ਦੇ ਘੋੜਿਆਂ ਦੀ ਸੇਵਾ ਸੰਭਾਲ ਦੀ ਸੇਵਾਦਾਰੀ ਸੰਭਾਲੀ। ਉਨ੍ਹਾਂ ਦਲ ਪੰਥ ਪ੍ਰਤੀ ਸਾਫਗੋਈ ਤੇ ਸਮਰਪਿਤ ਭਾਵਨਾ ਨਾਲ ਸੇਵਾ ਕੀਤੀ। ਇਸ ਸੰਸਾਰ ਦਾ ਨੇਮ ਹੈ, ਜੋ ਆਇਆ ਹੈ ਉਸ ਨੇ ਬਿਸਮਣਾ ਹੈ। ਇਹ ਅਕਾਲ ਪੁਰਖ ਦੇ ਭਾਣੇ ਅੱਗੇ ਕਿਸੇ ਦਾ ਜ਼ੋਰ ਨਹੀ ਹੈ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਬਾਬਾ ਇੰਦਰ ਸਿੰਘ ਦੇ ਪਰਿਵਾਰ ਨਾਲ ਇਸ ਦੁਖਦ ਘੜੀ ਵਿਚ ਹਮਦਰਦੀ ਜਤਾਉਦਿਆਂ ਅਕਾਲ ਪੁਰਖ ਅੱਗੇ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਦੀ ਅਰਦਾਸ ਬੇਨਤੀ ਕੀਤੀ।