ਬਿਨਾਂ ਜਾਂਚ ਮੁਅੱਤਲੀ ਦੇ ਆਰਡਰਾਂ ਖ਼ਿਲਾਫ਼ ਬਿਜਲੀ ਮੁਲਾਜ਼ਮਾਂ ’ਚ ਰੋਸ
ਬਿਨਾਂ ਜਾਂਚ ਮੁਅੱਤਲੀ ਦੇ ਆਰਡਰਾਂ ਖ਼ਿਲਾਫ਼ ਬਿਜਲੀ ਕਰਮਚਾਰੀਆਂ ਦਾ ਰੋਸ
Publish Date: Fri, 10 Apr 2026 05:44 PM (IST)
Updated Date: Sat, 11 Apr 2026 04:06 AM (IST)

ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਪੀਐੱਸਈਬੀ ਜੁਆਇੰਟ ਫੋਰਮ ਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਸਬੰਧਤ ਵੱਖ-ਵੱਖ ਜੱਥੇਬੰਦੀਆਂ ਵੱਲੋਂ ਅੱਜ ਮੰਡਲ ਪੱਧਰੀ ਮੀਟਿੰਗ ਦੌਰਾਨ ਉਪ ਮੰਡਲ ਦਫ਼ਤਰ ਕੋਟਸ਼ਮੀਰ ਵਿਚ ਤਾਇਨਾਤ ਜੇਈ ਇੰਜੀਨੀਅਰ ਕੌਸ਼ਲ ਜੈਨ ਦੀ ਬਿਨਾਂ ਕਿਸੇ ਪੜਤਾਲ ਜਾਂ ਤਫ਼ਤੀਸ਼ ਤੋਂ ਕੀਤੀ ਮੁਅੱਤਲੀ ਦੀ ਕੜੀ ਨਿਖੇਧੀ ਕੀਤੀ ਗਈ। ਮੀਟਿੰਗ ’ਚ ਏਓਜੇਈ, ਜੇਈ ਕਾਉਂਸਲ, ਪੈਸਕੋ ਅਤੇ ਸੀਐੱਚਬੀ ਸਮੇਤ ਹੋਰ ਭਾਈਚਾਰਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਆਗੂਆਂ ਨੇ ਦੱਸਿਆ ਕਿ ਇਕ ਪਿੰਡ ਦੇ ਸਰਪੰਚ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਮੁੱਖ ਇੰਜੀਨੀਅਰ, ਵੰਡ ਪੱਛਮ ਜੋਨ ਬਠਿੰਡਾ ਵੱਲੋਂ ਦਫ਼ਤਰੀ ਹੁਕਮ ਨੰਬਰ 149 ਮਿਤੀ 5 ਅਪ੍ਰੈਲ 2026 ਰਾਹੀਂ ਬਿਨਾਂ ਇਨਕੁਆਰੀ ਦੇ ਮੁਅੱਤਲੀ ਦੇ ਆਰਡਰ ਜਾਰੀ ਕਰ ਦਿੱਤੇ ਗਏ, ਜੋ ਕਿ ਅਨੁਚਿਤ ਹਨ। ਜਥੇਬੰਦੀਆਂ ਨੇ ਇਕਜੁੱਟ ਹੋ ਕੇ ਮੰਗ ਕੀਤੀ ਕਿ ਇੰਜ. ਕੌਸ਼ਲ ਜੈਨ ਦੇ ਮੁਅੱਤਲੀ ਆਰਡਰ ਤੁਰੰਤ ਪ੍ਰਭਾਵ ਨਾਲ ਰੱਦ ਕੀਤੇ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 15 ਅਪ੍ਰੈਲ ਤਕ ਇਹ ਆਰਡਰ ਵਾਪਸ ਨਾ ਲਏ ਗਏ ਤਾਂ ਸਮੂਹ ਜਥੇਬੰਦੀਆਂ ਵੱਲੋਂ ਮੰਡਲ ਪੱਧਰ ’ਤੇ ਕਲੈਰੀਕਲ ਤੇ ਟੈਕਨੀਕਲ ਕੰਮ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਜਾਵੇਗਾ। 16 ਅਪ੍ਰੈਲ ਤੋਂ ਲਗਾਤਾਰ ਮੰਡਲ ਪੱਧਰ ’ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮ ਨੂੰ ਜ਼ਬਰਦਸਤੀ ਭਾਰ ਮੁਕਤ ਕੀਤਾ, ਤਾਂ ਤੁਰੰਤ ਪ੍ਰਭਾਵ ਨਾਲ ਸਾਰਾ ਕੰਮ ਬੰਦ ਕਰ ਦਿੱਤਾ ਜਾਵੇਗਾ। ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਸੰਘਰਸ਼ ਦੌਰਾਨ ਖਪਤਕਾਰਾਂ ਨੂੰ ਹੋਣ ਵਾਲੀ ਕਿਸੇ ਵੀ ਤਕਲੀਫ਼ ਜਾਂ ਵਿਭਾਗ ਨੂੰ ਪੈਣ ਵਾਲੇ ਵਿੱਤੀ ਨੁਕਸਾਨ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।