ਭਾਕਿਯੂ ਵੱਲੋਂ ਗੜੇਮਾਰੀ ਤੋਂ ਪ੍ਰਭਾਵਿਤ ਕਿਸਾਨਾਂ ਨਾਲ ਕੀਤੀ ਹਮਦਰਦੀ
ਬੀਕੇਯੂ ਗੈਰ ਸਿਆਸੀ ਮਾਨਸਾ ਵੱਲੋਂ ਗੜੇਮਾਰੀ ਤੋਂ ਪ੍ਰਭਾਵਿਤ ਕਿਸਾਨਾਂ ਨਾਲ ਕੀਤੀ ਹਮਦਰਦੀ
Publish Date: Fri, 10 Apr 2026 05:37 PM (IST)
Updated Date: Sat, 11 Apr 2026 04:06 AM (IST)

ਗੁਰਨੈਬ ਸਾਜਨ, ਪੰਜਾਬੀ ਜਾਗਰਣ, ਬੱਲੂਆਣਾ : ਭਾਰਤੀ ਕਿਸਾਨ ਯੂਨੀਅਨ (ਗੈਰ-ਸਿਆਸੀ) ਮਾਨਸਾ ਗਰੁੱਪ ਦੇ ਪੰਜਾਬ ਆਗੂ ਸੁਰਜੀਤ ਸਿੰਘ ਸੰਦੋਹਾ, ਭੋਲਾ ਸਿੰਘ ਗੋਨਿਆਣਾ ਖੁਰਦ ਅਤੇ ਬਠਿੰਡਾ ਜ਼ਿਲ੍ਹਾ ਟੀਮ ਨੇ ਗੜੇਮਾਰੀ ਤੋਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਇਹ ਦੌਰਾ ਉਨ੍ਹਾਂ ਖੇਤਾਂ ’ਚ ਕੀਤਾ ਗਿਆ ਜਿੱਥੇ 4 ਅਪ੍ਰੈਲ ਨੂੰ ਕੁਦਰਤੀ ਕਹਿਰ ਕਾਰਨ ਕਿਸਾਨਾਂ ਦੀ ਪੱਕੀ ਕਣਕ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਸੀ। ਟੀਮ ਨੇ ਕੋਠੇ ਸੰਧੂਆਂ ਵਾਲੇ, ਕੋਠੇ ਲਾਲ ਸਿੰਘ ਵਾਲੇ ਤੇ ਪਿੰਡ ਅਬਲੂ ਸਮੇਤ ਆਸ-ਪਾਸ ਦੇ ਪ੍ਰਭਾਵਿਤ ਪਿੰਡਾਂ ’ਚ ਪਹੁੰਚ ਕੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ। ਕਣਕ ਦੇ ਨਾਲ-ਨਾਲ ਸਰੋਂ, ਹਰਾ ਚਾਰਾ, ਸਬਜ਼ੀਆਂ ਤੇ ਦਰੱਖਤਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਕਿਸਾਨਾਂ ਦੀ ਆਰਥਿਕ ਹਾਲਤ ਬਹੁਤ ਹੀ ਨਾਜ਼ੁਕ ਹੋ ਗਈ ਹੈ। ਇਸ ਮੌਕੇ ਸੁਰਜੀਤ ਸਿੰਘ ਸੰਦੋਹਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪ੍ਰਭਾਵਿਤ ਕਿਸਾਨਾਂ ਨੂੰ ਪ੍ਰਤੀ ਏਕੜ ਘੱਟੋ-ਘੱਟ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਨੇ ਐੱਨਆਰਆਈ ਭਰਾਵਾਂ ਤੇ ਦਾਨੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੜੇਮਾਰੀ ਤੋਂ ਪ੍ਰਭਾਵਿਤ ਪਿੰਡਾਂ ਵਿਚ ਖੁਦ ਪਹੁੰਚ ਕੇ ਕਿਸਾਨਾਂ ਦੀ ਮਦਦ ਕਰਨ, ਜਿਵੇਂ ਪਹਿਲਾਂ ਹੜ੍ਹ ਪੀੜਤਾਂ ਦੀ ਸਹਾਇਤਾ ਕੀਤੀ ਗਈ ਸੀ। ਸਿਰਫ਼ ਨਕਦੀ ਮਦਦ ਦੀ ਬਜਾਏ ਕਿਸਾਨਾਂ ਨੂੰ ਲੁੜੀਂਦੀਆਂ ਵਸਤਾਂ ਜਿਵੇਂ ਤੂੜੀ, ਹਰਾ ਚਾਰਾ, ਮੱਕੀ ਦਾ ਸਾਇਲੇਜ, ਦਾਣੇ, ਮੱਕੀ ਦਾ ਬੀਜ ਤੇ ਮੂੰਗ ਆਦਿ ਦਿੱਤੇ ਜਾਣ, ਤਾਂ ਜੋ ਉਹ ਆਪਣੀ ਅਗਲੀ ਫਸਲ ਲਈ ਤਿਆਰੀ ਕਰ ਸਕਣ। ਕਿਸਾਨ ਆਗੂਆਂ ਨੇ ਕਿਹਾ ਕਿ ਆਲੇ-ਦੁਆਲੇ ਦੇ ਉਹ ਕਿਸਾਨ ਜਿਨ੍ਹਾਂ ਦੀ ਫਸਲ ਇਸ ਕੁਦਰਤੀ ਆਫ਼ਤ ਤੋਂ ਬਚ ਗਈ ਹੈ, ਉਹ ਪ੍ਰਭਾਵਿਤ ਕਿਸਾਨਾਂ ਦੀ ਮਦਦ ਲਈ ਅੱਗੇ ਆਉਣ। ਇਸ ਸਹਿਯੋਗ ਨਾਲ ਪੀੜਤ ਪਰਿਵਾਰਾਂ ਦੇ ਘਰਾਂ ਦੇ ਚੁੱਲ੍ਹੇ ਮੁੜ ਜਲ ਸਕਣਗੇ ਅਤੇ ਉਹ ਦੁਬਾਰਾ ਖੜ੍ਹੇ ਹੋ ਸਕਣਗੇ।