5ਜੀ ਟਾਵਰ ਖ਼ਿਲਾਫ਼ ਲੋਕਾਂ ਨੇ ਕੀਤਾ ਰੋਸ ਮੁਜ਼ਾਹਰਾ
ਪਿੰਡ ਕੋਟਸ਼ਮੀਰ ਵਿਖੇ 5ਜੀ ਟਾਵਰ ਦੇ ਖ਼ਿਲਾਫ਼ ਵਸਨੀਕਾਂ ਦਾ ਵਿਰੋਧ ਪ੍ਰਦਰਸ਼ਨ
Publish Date: Fri, 10 Apr 2026 05:33 PM (IST)
Updated Date: Sat, 11 Apr 2026 04:06 AM (IST)

ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਪਿੰਡ ਕੋਟਸ਼ਮੀਰ ਦੇ ਵਾਰਡ ਨੰਬਰ 10 ਦੀ ਰਿਹਾਇਸ਼ੀ ਆਬਾਦੀ ਵਿਚ ਲੱਗਣ ਵਾਲੇ 5ਜੀ ਟਾਵਰ ਦੇ ਖ਼ਿਲਾਫ਼ ਸਥਾਨਕ ਵਸਨੀਕਾਂ ਵੱਲੋਂ ਇਕੱਠ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਿੱਥੇ ਟਾਵਰ ਲਗਾਉਣ ਦੀ ਯੋਜਨਾ ਬਣਾਈ ਹੈ, ਉਹ ਪੂਰੀ ਤਰ੍ਹਾਂ ਰਿਹਾਇਸ਼ੀ ਇਲਾਕਾ ਹੈ ਤੇ ਇਸਦੇ ਆਲੇ-ਦੁਆਲੇ ਘਣੀ ਅਬਾਦੀ ਵਸਦੀ ਹੈ। ਉਨ੍ਹਾਂ ਨੇ ਚਿੰਤਾ ਪ੍ਰਗਟਾਈ ਕਿ ਟਾਵਰ ਤੋਂ ਨਿਕਲਣ ਵਾਲੀ ਰੇਡੀਏਸ਼ਨ ਮਨੁੱਖੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦੀ ਹੈ, ਜਿਸਦਾ ਅਸਰ ਬੱਚਿਆਂ, ਬਜ਼ੁਰਗਾਂ ਤੇ ਪਸ਼ੂਆਂ ‘ਤੇ ਵੀ ਪੈ ਸਕਦਾ ਹੈ। ਵਸਨੀਕਾਂ ਦੇ ਅਨੁਸਾਰ ਬੀਤੇ ਦਿਨੀਂ ਜਦੋਂ ਟਾਵਰ ਦੇ ਕੰਮ ਲਈ ਜੇਸੀਬੀ ਸਾਈਟ ‘ਤੇ ਪਹੁੰਚੀ ਤਾਂ ਇਲਾਕੇ ਦੀਆਂ ਮਹਿਲਾਵਾਂ ਵੱਲੋਂ ਕੰਮ ਰੋਕਣ ਲਈ ਵਿਰੋਧ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਮਹਿਲਾਵਾਂ ਨਾਲ ਧੱਕਾ-ਮੁੱਕੀ ਅਤੇ ਬਦਸਲੂਕੀ ਕਰਨ ਦੇ ਦੋਸ਼ ਵੀ ਲਗਾਏ ਗਏ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਸਨੀਕਾਂ ਵੱਲੋਂ ਬਠਿੰਡਾ ਦੇ ਏਡੀਸੀ ਨੂੰ ਮੰਗ ਪੱਤਰ ਸੌਂਪ ਕੇ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਿਹਾਇਸ਼ੀ ਇਲਾਕੇ ਵਿਚ ਟਾਵਰ ਲਗਾਉਣ ਦੀ ਮਨਜ਼ੂਰੀ ਰੱਦ ਕੀਤੀ ਜਾਵੇ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਜਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ’ਤੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸਤਪਾਲ ਸਿੰਘ, ਸੰਦੀਪ ਸਿੰਘ, ਅਮਨ ਸਿੰਘ, ਛਿੰਦਰ ਸਿੰਘ, ਬੂਟਾ ਸਿੰਘ, ਬਲਦੇਵ ਸਿੰਘ, ਹਰਪ੍ਰੀਤ ਸਿੰਘ, ਹਰਦੀਪ ਸਿੰਘ, ਸੁਖਵਿੰਦਰ ਸਿੰਘ, ਗੁਰਦਰਸ਼ਨ ਸਿੰਘ, ਬਲਦੀਪ ਸਿੰਘ, ਸਰਨੀ ਐਮਸੀ, ਮਨਪ੍ਰੀਤ ਸਿੰਘ, ਮੰਦਰ ਸਿੰਘ, ਭਿੰਦਰ ਸਿੰਘ, ਮਹਿੰਦਰ ਸਿੰਘ, ਚਮਕੌਰ ਸਿੰਘ, ਭੁਪਿੰਦਰ ਸਿੰਘ, ਖੁਸ਼ੀ ਸਿੰਘ, ਕੇਵਲ ਸਿੰਘ, ਦਰਸ਼ਨ ਸਿੰਘ, ਗੋਰਾ ਸਿੰਘ, ਬੱਬੂ ਸਿੰਘ, ਕੌਰ ਸਿੰਘ, ਸੀਬ ਸਿੰਘ, ਮਾਖਾ ਸਿੰਘ, ਪਾਲਾ ਸਿੰਘ, ਗੁਰਪਾਲ ਸਿੰਘ, ਨਿਰਮਲ ਸਿੰਘ, ਸ਼ਮਿੰਦਰ ਸਿੰਘ ਅਤੇ ਜਸਪਾਲ ਸਿੰਘ ਪ੍ਰਧਾਨ ਤੇ ਵਾਰਡ-9 ਦੇ ਮੈਬਰ ਸ਼ਾਮਲ ਸਨ।