15 ਅਪ੍ਰੈਲ ਤੋਂ 30 ਮਈ ਤਕ ਹੋਣਗੇ ਸਰਕਾਰੀ ਮੁਲਾਜ਼ਮਾਂ ਦੇ ਤਬਾਦਲੇ
15 ਅਪ੍ਰੈਲ ਤੋਂ 30 ਮਈ ਤਕ ਹੋਣਗੇ ਸਰਕਾਰੀ ਕਰਮਚਾਰੀਆਂ ਦੇ ਤਬਾਦਲੇ
Publish Date: Fri, 10 Apr 2026 05:03 PM (IST)
Updated Date: Sat, 11 Apr 2026 04:03 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਨੇ ਰਾਜ ਦੇ ਸਾਰੇ ਵਿਭਾਗਾਂ ’ਚ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਆਮ ਤਬਾਦਲਿਆਂ ਅਤੇ ਤਾਇਨਾਤੀਆਂ ਲਈ ਨਵੀਂ ਸਮਾਂ-ਸੀਮਾ ਜਾਰੀ ਕਰ ਦਿੱਤੀ ਹੈ। ਜਾਰੀ ਹੁਕਮਾਂ ਮੁਤਾਬਕ ਸਾਲ 2026-27 ਲਈ ਤਬਾਦਲਾ ਪ੍ਰਕਿਰਿਆ 15 ਅਪ੍ਰੈਲ 2026 ਤੋਂ ਸ਼ੁਰੂ ਹੋ ਕੇ 30 ਮਈ 2026 ਤਕ ਚੱਲੇਗੀ। ਪੁਰਸੋਨਲ ਪਾਲਿਸੀ-2 ਸ਼ਾਖਾ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਇਹ ਪ੍ਰਕਿਰਿਆ 2018 ’ਚ ਲਾਗੂ ਕੀਤੀ ਟਰਾਂਸਫਰ ਪਾਲਿਸੀ ਅਧੀਨ ਹੀ ਚਲਾਈ ਜਾਵੇਗੀ, ਜੋ ਇਸ ਸਾਲ ਵੀ ਲਾਗੂ ਰਹੇਗੀ। ਇਸ ਸਬੰਧੀ ਸਾਰੇ ਵਿਭਾਗ ਮੁਖੀਆਂ, ਡਿਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਸਬ-ਡਿਵੀਜ਼ਨਲ ਮੈਜਿਸਟਰੇਟਾਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹੁਕਮਾਂ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ 30 ਮਈ 2026 ਤੋਂ ਬਾਅਦ ਆਮ ਤਬਾਦਲਿਆਂ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਜਾਵੇਗੀ। ਇਸ ਤੋਂ ਬਾਅਦ ਕੇਵਲ ਵਿਸ਼ੇਸ਼ ਹਾਲਾਤਾਂ ਵਿੱਚ ਹੀ ਟਰਾਂਸਫਰ ਪਾਲਿਸੀ ਦੇ ਨਿਯਮਾਂ ਅਧੀਨ ਤਬਾਦਲੇ ਕੀਤੇ ਜਾਣਗੇ। ਸਰਕਾਰ ਨੇ ਸਾਰੇ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਅਤੇ ਮੈਨੇਜਿੰਗ ਡਾਇਰੈਕਟਰਾਂ ਨੂੰ ਵੀ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਮੁਲਾਜ਼ਮਾਂ ’ਚ ਤਬਾਦਲਿਆਂ ਸਬੰਧੀ ਸਪੱਸ਼ਟਤਾ ਆਈ ਹੈ ਤੇ ਸਾਰੇ ਵਿਭਾਗਾਂ ਨੂੰ ਨਿਰਧਾਰਤ ਸਮਾਂ-ਸੀਮਾ ਵਿੱਚ ਪ੍ਰਕਿਰਿਆ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ।