ਮੰਤਰੀ ਅਰੋੜਾ ਨੇ ਕਾਲੋਨੀ ਦੇ ਲਾਭਪਾਤਰੀਆਂ ਨੂੰ ਮਾਲਕੀ ਪੱਤਰ ਵੰਡੇ
ਮੰਤਰੀ ਸੰਜੀਵ ਅਰੋੜਾ ਨੇ ਕਲੋਨੀ ਦੇ ਲਾਭਪਾਤਰੀਆਂ ਨੂੰ ਮਾਲਕੀ ਪੱਤਰ ਵੰਡੇ, ਸ਼ਹੀਦ ਭਗਤ ਸਿੰਘ ਇਨਕਲੇਵ ਦਾ ਨੀਂਹ ਪੱਥਰ ਰੱਖਿਆ
Publish Date: Thu, 09 Apr 2026 06:20 PM (IST)
Updated Date: Fri, 10 Apr 2026 04:12 AM (IST)

* ਸ਼ਹੀਦ ਭਗਤ ਸਿੰਘ ਇਨਕਲੇਵ ਦਾ ਨੀਂਹ ਪੱਥਰ ਰੱਖਿਆ ਫੋਟੋ:37 ਕੈਪਸ਼ਨ: ਸ਼ਹੀਦ ਭਗਤ ਸਿੰਘ ਇਨਕਲੇਵ ਦਾ ਨੀਂਹ ਪੱਥਰ ਰੱਖੇ ਹੋਏ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਹਨ ਚੇਅਰਮੈਨ ਜਤਿੰਦਰ ਸਿੰਘ ਭੱਲਾ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਸ਼ਹੀਦ ਭਗਤ ਸਿੰਘ ਇਨਕਲੇਵ ਦੇ ਲਾਭਪਾਤਰੀਆਂ ਨੂੰ ਪਲਾਟਾਂ ਦੇ ਮਾਲਕੀ ਪੱਤਰ ਵੰਡ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਮੰਤਰੀ ਸੰਜੀਵ ਅਰੋੜਾ ਨੇ ਨਗਰ ਸੁਧਾਰ ਟਰੱਸਟ ਵੱਲੋਂ ਗੋਨਿਆਣਾ ਰੋਡ ’ਤੇ ਬਣਾਈ ਜਾਣ ਵਾਲੀ ਸ਼ਹੀਦ ਭਗਤ ਸਿੰਘ ਕਲੋਨੀ ਦਾ ਨੀਂਹ ਪੱਥਰ ਵੀ ਰੱਖਿਆ। ਨੀਂਹ ਪੱਥਰ ਰੱਖਣ ਸਮੇਂ ਮੰਤਰੀ ਨੇ ਕਿਹਾ ਕਿ ਇਹ ਨਵੀਂ ਕਲੋਨੀ ਸ਼ਹਿਰ ਦੇ ਆਵਾਸ ਵਿਕਾਸ ਵਿੱਚ ਇਕ ਮਹੱਤਵਪੂਰਨ ਕਦਮ ਸਾਬਤ ਹੋਵੇਗੀ ਅਤੇ ਇਲਾਕੇ ਦੇ ਵਾਸੀ ਬਿਹਤਰ ਆਵਾਸੀ ਸਹੂਲਤਾਂ ਦਾ ਲਾਭ ਪ੍ਰਾਪਤ ਕਰਨਗੇ। ਉਨ੍ਹਾਂ ਨਵੀਂ ਕਲੋਨੀ ਦੀ ਸਥਾਪਨਾ ‘ਤੇ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਸਰਕਾਰ ਇਸ ਪ੍ਰਕਿਰਿਆ ਵਿੱਚ ਕੋਈ ਕਸਰ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਇਹ ਕਲੋਨੀ ਸ਼ਹਿਰ ਦੇ ਨੇੜੇ ਹੋਣ ਕਾਰਨ ਲੋਕਾਂ ਨੂੰ ਫਾਇਦਾ ਮਿਲੇਗਾ। ਉਨ੍ਹਾਂ ਇਹ ਯਕੀਨ ਦਿਵਾਇਆ ਕਿ ਪੰਜਾਬ ਸਰਕਾਰ ਸ਼ਹਿਰ ਦੇ ਵਿਕਾਸ ਅਤੇ ਆਵਾਸ ਯੋਜਨਾਵਾਂ ਵਿੱਚ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਇਲਾਕਿਆਂ ਵਿੱਚ ਸੁਵਿਧਾਵਾਂ ਦਾ ਵਧਾਉਣ ਅਤੇ ਨਵੀਂ ਕਲੋਨੀਆਂ ਦੇ ਵਿਕਾਸ ਨਾਲ ਲੋਕਾਂ ਦੀ ਜੀਵਨ ਪੱਧਰ ਨੂੰ ਉੱਚਾ ਕੀਤਾ ਜਾ ਸਕਦਾ ਹੈ। ਕੈਬਨਿਟ ਮੰਤਰੀ ਨੇ ਨਗਰ ਸੁਧਾਰ ਟਰੱਸਟ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜ਼ਾਂ ’ਤੇ ਤਸੱਲੀ ਪ੍ਰਗਟ ਕਰਦਿਆਂ ਚੇਅਰਮੈਨ ਜਤਿੰਦਰ ਸਿੰਘ ਭੱਲਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਹੈ। ਇਸ ਮੌਕੇ ‘ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਕਿਹਾ ਕਿ ਅੱਜ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਨੇ ਨਵੀਂ ਬਣਨ ਵਾਲੀ ਕਲੋਨੀ ਦਾ ਨੀਂਹ ਪੱਥਰ ਰੱਖਣ ਬਾਅਦ ਇਸਦ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਲੋਨੀ ਦੇ ਪਲਾਟ ਡਰਾਅ ਰਾਹੀ ਕੱਢੇ ਗਏ ਸਨ, ਜਿੰਨ੍ਹਾਂ ਦੇ ਮਾਲਕੀ ਪੱਤਰ ਮੰਤਰੀ ਵੱਲੋਂ ਅੱਜ ਵੰਡੇ ਗਏ ਹਨ। ਉਨ੍ਹਾਂ ਨੇ ਕੈਬਨਿਟ ਮੰਤਰੀ ਦੀ ਸਰਹਾਨਾ ਕਰਦੇ ਹੋਏ ਕਿਹਾ ਕਿ ਸੰਜੀਵ ਅਰੋੜਾ ਦੀ ਸਰਗਰਮੀ ਅਤੇ ਨਗਰ ਸੁਧਾਰ ਪ੍ਰਾਜੈਕਟਾਂ ਵਿੱਚ ਦਿਲਚਸਪੀ ਨੇ ਸ਼ਹਿਰ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ੀ ਦਿੱਤੀ ਹੈ। ਚੇਅਰਮੈਨ ਭੱਲਾ ਨੇ ਨਗਰ ਸੁਧਾਰ ਵੱਲੋਂ ਸ਼ਹਿਰ ਵਿੱਚ ਕੀਤੇ ਜਾ ਰਹੇ ਬਹੁਤ ਸਾਰੇ ਵਿਕਾਸ ਕਾਰਜਾਂ, ਜਿਵੇਂ ਕਿ ਸੜਕਾਂ, ਪਾਣੀ ਅਤੇ ਬਿਜਲੀ ਦੇ ਪ੍ਰਾਜੈਕਟ, ਖੇਡ ਮੈਦਾਨਾਂ ਅਤੇ ਹਰੀਆਲੀ ਜ਼ੋਨ ਦੀ ਸਥਾਪਨਾ ਦੀ ਵੀ ਸਿਫਾਰਸ਼ ਕੀਤੀ। ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਨਵੀਂ ਕਲੋਨੀ ਵਿੱਚ ਬੁਨਿਆਦੀ ਢਾਂਚੇ, ਸੜਕਾਂ ਅਤੇ ਬਿਜਲੀ-ਪਾਣੀ ਦੀ ਸਹੂਲਤਾਂ ਤੁਰੰਤ ਮੁਹੱਈਆ ਕਰਵਾਈਆਂ ਜਾਣਗੀਆਂ। ਭੱਲਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜਿਨ੍ਹਾਂ ਲੋਕਾਂ ਨੂੰ ਡਰਾਅ ਨਹੀਂ ਨਿਕਲੇ ਉਨ੍ਹਾਂ ਦੇ ਟਰੱਸਟ ਨੇ ਪੈਸੇ ਵਾਪਿਸ ਕਰ ਦਿੱਤੇ ਹਨ। ਉਨ੍ਹਾਂ ਮੰਤਰੀ ਸੰਜੀਵ ਅਰੋੜਾ ਅੱਗੇ ਨਗਰ ਸੁਧਾਰ ਟਰੱਸਟ ਵੱਲੋਂ ਕਰਵਾਏ ਵਿਕਾਸ ਕਾਰਜ਼ਾਂ ਦੀ ਸੂਚੀ ਵੀ ਰੱਖੀ, ਜਿਸ ਵਿਚ ਟਰੱਸਟ ਦਾ ਆਪਣਾ ਪੈਟਰੋਲ ਪੰਪ ਲਾਉਣ, ਬਲੂ ਫੌਕਸ ਪ੍ਰੋਜੈਕਟ, ਸ਼ੈਰਗਾਹ ਸ਼ਾਮਲ ਸਨ। ਇਸ ਮੌਕੇ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ, ਵਿਧਾਇਕ ਮਾਸਟਰ ਜਗਸੀਰ ਸਿੰਘ, ਮੇਅਰ ਪਦਮਜੀਤ ਸਿੰਘ ਮਹਿਤਾ ਸਮੇਤ ਵੱਡੀ ਗਿਣਤੀ ’ਚ ‘ਆਪ’ ਆਗੂ ਹਾਜ਼ਰ ਸਨ।