ਮੁੱਖ ਖੇਤੀਬਾੜੀ ਅਫ਼ਸਰ ਖ਼ਿਲਾਫ਼ ‘ਆਪ’ ਨੇ ਖੋਲ੍ਹਿਆ ਮੋਰਚਾ, ਪ੍ਰੋ. ਬਲਜਿੰਦਰ ਕੌਰ ਨੇ ਲਿਖਿਆ ਮੰਤਰੀ ਨੂੰ ਪੱਤਰ
ਮੁੱਖ ਖੇਤੀਬਾੜੀ ਅਫ਼ਸਰ ਖਿਲਾਫ਼ ਆਪ ਨੇ ਖੋਲ੍ਹਿਆ ਮੋਰਚਾ, ਪ੍ਰੋ. ਬਲਜਿੰਦਰ ਕੌਰ ਨੇ ਲਿਖਿਆ ਮੰਤਰੀ ਨੂੰ ਪੱਤਰ
Publish Date: Thu, 09 Apr 2026 06:10 PM (IST)
Updated Date: Fri, 10 Apr 2026 04:12 AM (IST)

* ਫੋਨ ਨਾ ਚੁੱਕਣ ਦਾ ਮਾਮਲਾ, ਅਧਿਕਾਰੀ ਦੀ ਤੁਰੰਤ ਬਦਲੀ ਦੀ ਕੀਤੀ ਮੰਗ, ਕਿਸਾਨ ਵਿੰਗ ਵੀ ਕਰ ਚੁੱਕਾ ਮੰਗ ਫੋਟੋ:33 ਕੈਪਸ਼ਨ: ਚੀਫ਼ ਵਿਪ੍ਹ ਪ੍ਰੋ. ਬਲਜਿੰਦਰ ਕੌਰ ਵੱਲੋਂ ਖੇਤੀਬਾੜੀ ਮੰਤਰੀ ਨੂੰ ਲਿਖੇ ਪੱਤਰ ਦੀ ਕਾਪੀ। ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਦ ਬਠਿੰਡਾ : ਤਲਵੰਡੀ ਸਾਬੋ ਤੋਂ ਵਿਧਾਇਕ ਅਤੇ ਪੰਜਾਬ ਸਰਕਾਰ ਵਿੱਚ ਚੀਫ ਵਿਪ ਪ੍ਰੋ. ਬਲਜਿੰਦਰ ਕੌਰ ਨੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਹਰਬੰਸ ਸਿੰਘ ਖ਼ਿਲਾਫ਼ ਸਖ਼ਤ ਰੁਖ ਅਖਤਿਆਰ ਕਰਦਿਆਂ ਉਨ੍ਹਾਂ ਦੀ ਤੁਰੰਤ ਬਦਲੀ ਦੀ ਮੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਲਿਖਤੀ ਪੱਤਰ ਭੇਜ ਕੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਆਪਣੇ ਪੱਤਰ ਵਿੱਚ ਦੋਸ਼ ਲਗਾਇਆ ਹੈ ਕਿ ਮੁੱਖ ਖੇਤੀਬਾੜੀ ਅਫਸਰ ਡਾ. ਹਰਬੰਸ ਸਿੰਘ ਵੱਲੋਂ ਕਿਸਾਨਾਂ ਅਤੇ ਜਨ ਪ੍ਰਤੀਨਿਧੀਆਂ ਨਾਲ ਕੋਈ ਸਹਿਯੋਗ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਸੰਪਰਕ ਕਰਨ ਦੇ ਬਾਵਜੂਦ ਅਧਿਕਾਰੀ ਫੋਨ ਤਕ ਨਹੀਂ ਚੁੱਕਦੇ, ਜਿਸ ਕਾਰਨ ਖੇਤੀਬਾੜੀ ਨਾਲ ਸਬੰਧਤ ਅਹਿਮ ਮਸਲੇ ਅਟਕੇ ਪਏ ਹਨ। ਇਸ ਤਰ੍ਹਾਂ ਦੀ ਕਾਰਗੁਜ਼ਾਰੀ ਨਾਲ ਨਾ ਸਿਰਫ ਕਿਸਾਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ, ਸਗੋਂ ਸਰਕਾਰ ਦੀਆਂ ਨੀਤੀਆਂ ਦੇ ਲਾਗੂ ਹੋਣ ਵਿੱਚ ਵੀ ਰੁਕਾਵਟ ਪੈ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਨੇ ਵੀ ਮੁੱਖ ਖੇਤੀਬਾੜੀ ਅਫ਼ਸਰ ਖਿਲਾਫ਼ ਆਪਣਾ ਮੋਰਚਾ ਖੋਲ੍ਹਿਆ ਹੋਇਆ ਹੈ। ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਪੰਜਾਬ ਦੇ ਸੂਬਾ ਸਕੱਤਰ ਅਤੇ ਮਾਲਵਾ-ਵੈਸਟ ਜੋਨ ਦੇ ਇੰਚਾਰਜ ਪਰਮਜੀਤ ਸਿੰਘ ਕੋਟਫੱਤਾ ਨੇ ਕਿਹਾ ਕਿ ਬਠਿੰਡਾ ਦੇ ਖੇਤੀਬਾੜੀ ਅਧਿਕਾਰੀ ਦਾ ਰਵੱਈਆ ਬਿਲਕੁਲ ਨਿਰਾਸ਼ ਕਰਨ ਵਾਲਾ ਹੈ। ਕੋਟਫੱਤਾ ਨੇ ਕਿਹਾ ਕਿ ਆਪ ਹਾਈਕਮਾਨ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਨੇ ਕਿਹਾ ਸੀ ਕਿ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨਾਲ ਸਬੰਧਤ ਹਰ ਐਕਟੀਵਿਟੀ ਵਿੱਚ ਆਪ ਦੇ ਕਿਸਾਨ-ਵਿੰਗ ਨੂੰ ਭਾਗੀਦਾਰ ਬਣਾਇਆ ਜਾਵੇਗਾ, ਪਰ 7 ਅਪ੍ਰੈਲ ਨੂੰ ਬਠਿੰੰਡਾ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਸਿਖਲਾਈ ਮੇਲਾ ਲਾਇਆ ਗਿਆ, ਪਰ ਕਿਸਾਨ-ਵਿੰਗ ਦੇ ਕਿਸੇ ਵੀ ਅਹੁਦੇਦਾਰ ਨੂੰ ਸੱਦਾ-ਪੱਤਰ ਨਹੀਂ ਦਿੱਤਾ ਗਿਆ ਜਦਕਿ ਆਮ ਲੋਕਾਂ ਤੇ ਹੋਰ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਬਣਾਏ ਗਏ ਸੱਦਾ-ਪੱਤਰ ਵਿਸੇਸ਼ ਤੌਰ ’ਤੇ ਭੇਜੇ ਗਏ। ਉਨ੍ਹਾਂ ਵੀ ਮੁੱਖ ਖੇਤੀਬਾੜੀ ਅਫ਼ਸਰ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਹਾਲਾਕਿ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬਸੰ ਸਿੰਘ ਨ ਕਿਹਾ ਕਿ ਸੀ ਕਿ ਉਹ ਨਿਯਮਾਂ ਅਨੁਸਾਰ ਆਪਣੀ ਡਿਊਟੀ ਕਰ ਰਹੇ ਹਨ ਅਤੇ ਹਰ ਨੁਮਾਇੰਦੇ ਸਮੇਤ ਕਿਸਾਨਾਂ ਦਾ ਸਤਿਕਾਰ ਕਰਦੇ ਹਨ।