ਫੂਡ ਸੇਫਟੀ ਟੀਮ ਨੇ ਖਾਣ-ਪੀਣ ਵਾਲੀਆਂ ਵਸਤਾਂ ਦੇ 6 ਸੈਂਪਲ ਭਰੇ
ਫੂਡ ਸੇਫਟੀ ਟੀਮ ਦੀ ਕਾਰਵਾਈ ਤੇਜ਼, ਖਾਣ ਪੀਣ ਵਾਲੀਆਂ ਵਸਤਾਂ ਦੇ 6 ਸੈਂਪਲ ਭਰੇ
Publish Date: Thu, 09 Apr 2026 05:50 PM (IST)
Updated Date: Fri, 10 Apr 2026 04:11 AM (IST)

– ਮਾਲ ਰੋਡ ਤੇ ਨਰੂਆਣਾ ਖੇਤਰ ’ਚ ਜਾਂਚ, ਦੁੱਧ ਤੇ ਦੁੱਧ ਉਤਪਾਦਾਂ ’ਤੇ ਖ਼ਾਸ ਨਜ਼ਰ - ਸਕੂਲਾਂ ’ਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸਿਹਤਮੰਦ ਖੁਰਾਕ ਦੇ ਟਿਪਸ ਦਿੱਤੇ ਫੋਟੋ:24,26 ਕੈਪਸ਼ਨ: ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਖਾਣ ਪੀਣ ਵਾਲੀਆਂ ਵਸਤਾਂ ਦੇ ਨਮੂਨੇ ਭਰਦੀ ਹੋਈ ਕੈਪਸ਼ਨ: ਵਿਦਿਆਰਥੀਆਂ ਨੂੰ ਖਾਣ ਪੀਣ ਦੀਆਂ ਵਸਤਾਂ ਦੀ ਚੈਕਿੰਗ ਤੇ ਫੂਡ ਸੇਫ਼ਟੀ ਸਬੰਧੀ ਜਾਣਕਾਰੀ ਦਿੰਦੀ ਹੋਈ ਟੀਮ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜਿਲ੍ਹੇ ’ਚ ਮਿਲਾਵਟੀ ਖਾਦ ਪਦਾਰਥਾਂ ‘ਤੇ ਨਕੇਲ ਕਸਣ ਲਈ ਫੂਡ ਸੇਫਟੀ ਵਿਭਾਗ ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਫੂਡ ਸੇਫਟੀ “ਆਨ ਵੀਲਸ” ਟੀਮ ਨੇ ਮਾਲ ਰੋਡ ਅਤੇ ਨਰੁਆਣਾ ਖੇਤਰ ’ਚ ਅਚਾਨਕ ਜਾਂਚ ਅਭਿਆਨ ਚਲਾਇਆ। ਇਸ ਦੌਰਾਨ ਕੁੱਲ 6 ਖਾਦ ਸੈਂਪਲ ਲਏ ਗਏ, ਜਿਨ੍ਹਾਂ ਵਿੱਚ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੇ 4 ਅਤੇ ਤੇਲ ਅਤੇ ਚਰਬੀ (ਆਇਲ ਐਂਡ ਫੈਟਸ) ਦੇ 2 ਸੈਂਪਲ ਸ਼ਾਮਲ ਹਨ। ਮੁੱਢਲੀ ਜਾਂਚ ਦੌਰਾਨ ਕੁਝ ਸੈਂਪਲਾਂ ਵਿੱਚ ਗੁਣਵੱਤਾ ਨੂੰ ਲੈ ਕੇ ਸ਼ੱਕ ਜਤਾਇਆ ਗਿਆ। ਹਾਲਾਂਕਿ ਅੰਤਿਮ ਰਿਪੋਰਟ ਲੈਬ ਟੈਸਟ ਤੋਂ ਬਾਅਦ ਹੀ ਸਾਹਮਣੇ ਆਏਗੀ। ਸਹਾਇਕ ਫੂਡ ਕਮਿਸ਼ਨਰ ਅਮ੍ਰਿਤਪਾਲ ਸੋਢੀ ਦਾ ਕਹਿਣਾ ਹੈ ਕਿ ਜੇ ਕਿਸੇ ਵੀ ਸੈਂਪਲ ਵਿੱਚ ਮਿਲਾਵਟ ਜਾਂ ਮਿਆਰਾਂ ਦੀ ਉਲੰਘਣਾ ਪਾਈ ਗਈ ਤਾਂ ਸਬੰਧਤ ਦੁਕਾਨਦਾਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਫੂਡ ਸੇਫਟੀ ਆਨ ਵੀਲ੍ਹਸ ਟੀਮ ਵੱਲੋਂ ਸਰਕਾਰੀ ਗਰਲਜ਼ ਸਕੂਲ, ਮੌੜ ਮੰਡੀ ਵਿੱਚ ਜਾਗਰੂਕਤਾ ਅਤੇ ਖਾਦ ਪਦਾਰਥਾਂ ਦੀ ਜਾਂਚ ਦਾ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਲਏ ਗਏ ਵੱਖ-ਵੱਖ ਖਾਦ ਸੈਂਪਲਾਂ ਦੀ ਮੌਕੇ ‘ਤੇ ਜਾਂਚ ਕੀਤੀ ਗਈ। ਟੀਮ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਮਿਲਾਵਟੀ ਖਾਦ ਪਦਾਰਥਾਂ ਦੀ ਪਛਾਣ ਕੀਤੀ ਜਾ ਸਕਦੀ ਹੈ ਅਤੇ ਰੋਜ਼ਾਨਾ ਖੁਰਾਕ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਪ੍ਰੋਗਰਾਮ ਦੌਰਾਨ ਸਿਹਤ ਅਤੇ ਸਫ਼ਾਈ ਨਾਲ ਜੁੜੇ ਨਿਯਮਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਵਿਦਿਆਰਥੀਆਂ ਨੂੰ ਹੱਥ ਧੋਣ ਦੀ ਸਹੀ ਵਿਧੀ, ਖਾਦ ਪਦਾਰਥਾਂ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ ਅਤੇ ਸਫ਼ਾਈ ਬਣਾਈ ਰੱਖਣ ਦੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਬੱਚਿਆਂ ਵਿੱਚ ਜਾਗਰੂਕਤਾ ਫੈਲਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹੀ ਬੱਚੇ ਭਵਿੱਖ ਵਿੱਚ ਸਮਾਜ ਨੂੰ ਸਿਹਤਮੰਦ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਉਣਗੇ। ਫੂਡ ਸੇਫਟੀ ਟੀਮ ਨੇ ਸਰਕਾਰੀ ਸਕੂਲ ਭਗਤਾ ਭਾਈਕਾ ਵਿੱਚ ਇਸੇ ਤਰ੍ਹਾਂ ਦਾ ਅਭਿਆਨ ਪਹਿਲਾਂ ਵੀ ਚਲਾਇਆ ਸੀ। ਉੱਥੇ ਵੀ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਲਏ ਗਏ ਖਾਦ ਪਦਾਰਥਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਫੂਡ ਸੇਫਟੀ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ। ਫੂਡ ਸੇਫਟੀ ਵਿਭਾਗ ਦਾ ਕਹਿਣਾ ਹੈ ਕਿ ਇਹ ਅਭਿਆਨ ਅੱਗੇ ਵੀ ਜਾਰੀ ਰਹੇਗਾ ਅਤੇ ਜਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਲਗਾਤਾਰ ਸੈਂਪਲਿੰਗ ਤੇ ਜਾਗਰੂਕਤਾ ਪ੍ਰੋਗਰਾਮ ਕੀਤੇ ਜਾਣਗੇ। ਵਿਭਾਗ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸ਼ੱਕੀ ਖਾਦ ਪਦਾਰਥਾਂ ਦੀ ਜਾਣਕਾਰੀ ਤੁਰੰਤ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।