ਚੋਰੀ ਦੇ 20 ਮੋਟਰਸਾਈਕਲਾਂ ਸਮੇਤ ਤਿੰਨ ਗ੍ਰਿਫ਼ਤਾਰ
ਬਠਿੰਡਾ ਵਿੱਚ ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾਫ਼ਾਸ, 20 ਮੋਟਰ ਸਾਈਕਲਾਂ ਸਮੇਤ ਤਿੰਨ ਗ੍ਰਿਫ਼ਤਾਰ
Publish Date: Thu, 09 Apr 2026 05:38 PM (IST)
Updated Date: Fri, 10 Apr 2026 04:09 AM (IST)

– ਗੁਪਤ ਸੂਚਨਾ ’ਤੇ ਪੁਲਿਸ ਦੀ ਨਾਕਾਬੰਦੀ ਦੌਰਾਨ ਫੜ੍ਹੇ ਮੁਲਜ਼ਮ, ਭੀੜ-ਭਾੜ ਵਾਲੇ ਖੇਤਰਾਂ ਨੂੰ ਬਣਾਉਂਦੇ ਸਨ ਨਿਸ਼ਾਨਾ ਫੋਟੋ:23 ਕੈਪਸ਼ਨ: ਬਰਾਮਦ ਕੀਤੇ ਗਏ ਮੋਟਰਸਾਈਕਲਾਂ ਸਮੇਤ ਤਿੰਨੇ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿਚ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਸੀਆਈਏ ਸਟਾਫ 2 ਤੇ ਥਾਣਾ ਕੋਤਵਾਲੀ ਪੁਲਿਸ ਨੇ ਇਕ ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਕੁੱਲ 20 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। ਸੀਆਈਏ ਸਟਾਫ-2 ਦੇ ਇੰਚਾਰਜ ਇੰਸਪੈਕਟਰ ਕਰਨਦੀਪ ਸਿੰਘ ਨੇ ਦੱਸਿਆ ਕਿ 7 ਅਪ੍ਰੈਲ ਨੂੰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਿੰਨ ਨੌਜਵਾਨ ਸ਼ਹਿਰ ਤੇ ਆਲੇ-ਦੁਆਲੇ ਖੇਤਰਾਂ ’ਚ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਉਨ੍ਹਾਂ ਕੋਲ ਚੋਰੀ ਕੀਤੇ ਵਾਹਨਾਂ ਦੀ ਵੱਡੀ ਗਿਣਤੀ ਹੈ। ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸੰਤਪੁਰਾ ਰੋਡ ਸਥਿਤ ਗੁਰੂ ਤੇਗ ਬਹਾਦਰ ਟੈਕਸੀ ਸਟੈਂਡ ਕੋਲ ਨਾਕਾਬੰਦੀ ਕੀਤੀ। ਇਸ ਦੌਰਾਨ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਪੁਛਗਿੱਛ ਕੀਤੀ ਗਈ ਤਾਂ ਉਹ ਆਪਣੇ ਮੋਟਰਸਾਈਕਲ ਸਬੰਧੀ ਦਸਤਾਵੇਜ ਨਹੀਂ ਦਿਖਾ ਸਕੇ। ਪੁਲਿਸ ਪਾਰਟੀ ਨੇ ਤਿੰਨਾਂ ਮੁਲਜ਼ਮਾਂ ਨੂੰ ਇਕ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਪਿੰਡ ਪਿੰਡ ਤਿਓਣਾ, ਹਰਦਰਸ਼ਨ ਸਿੰਘ ਵਾਸੀ ਪਿੰਡ ਤਿਓਣਾ ਅਤੇ ਸੁਖਵਿੰਦਰ ਸਿੰਘ ਵਾਸੀ ਪਿੰਡ ਘੁੱਦਾ ਵਜੋਂ ਕੀਤੀ ਗਈ। ਮੁੱਢਲੀ ਪੁਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਸੰਗਠਿਤ ਗਿਰੋਹ ਵਜੋਂ ਕੰਮ ਕਰਦੇ ਸਨ। ਇਹ ਲੋਕ ਸ਼ਹਿਰ ਦੇ ਭੀੜ-ਭਾੜ ਵਾਲੇ ਸਥਾਨਾਂ ਜਿਵੇਂ ਕਿ ਸ਼ੌਪਿੰਗ ਮਾਲ, ਬੈਂਕ ਕੰਪਲੈਕਸ ਅਤੇ ਹੋਰ ਪਾਰਕਿੰਗ ਸਥਾਨਾਂ ਨੂੰ ਨਿਸ਼ਾਨਾ ਬਣਾਉਂਦੇ ਸਨ, ਜਿੱਥੇ ਸੁਰੱਖਿਆ ਪ੍ਰਬੰਧਨ ਤੁਲਨਾਤਮਕ ਤੌਰ ’ਤੇ ਕਮਜ਼ੋਰ ਹੁੰਦਾ ਸੀ। ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਅੱਗੇ ਕਾਰਵਾਈ ਕਰਦਿਆਂ ਸਰਹਿੰਦ ਨਹਿਰ ਦੇ ਬੀੜ ਬਹਿਮਣ ਪੁੱਲ੍ਹ ਤੇ 400 ਕਿੱਲੋ ਗਰੇਨ ਸੈਂਟਰ ਖੇਤਰ ਸਮੇਤ ਵੱਖ-ਵੱਖ ਥਾਵਾਂ ਤੋਂ 19 ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। ਇਸੇ ਤਰ੍ਹਾਂ ਕੁੱਲ ਬਰਾਮਦਗੀ 20 ਮੋਟਰਸਾਈਕਲ ਤੱਕ ਪਹੁੰਚ ਗਈ। ਬਰਾਮਦ ਸਾਰੇ ਵਾਹਨ ਵੱਖ-ਵੱਖ ਕੰਪਨੀਆਂ ਦੇ ਹਨ ਤੇ ਜ਼ਿਆਦਾਤਰ ‘ਤੇ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ, ਜਿਸ ਨਾਲ ਉਨ੍ਹਾਂ ਦੀ ਪਛਾਣ ਛਿਪੀ ਰਹਿ ਸਕੀ। ਪੁਲਿਸ ਦਾ ਕਹਿਣਾ ਹੈ ਕਿ ਇਹ ਗਿਰੋਹ ਲੰਬੇ ਸਮੇਂ ਤੋਂ ਸਰਗਰਮ ਸੀ ਅਤੇ ਯੋਜਨਾਬੱਧ ਤਰੀਕੇ ਨਾਲ ਘਟਨਾਵਾਂ ਨੂੰ ਅੰਜਾਮ ਦਿੰਦਾ ਸੀ। ਫਿਲਹਾਲ ਮੁਲਜ਼ਮਾਂ ਖ਼ਿਲਾਫ਼ ਥਾਣਾ ਕੋਤਵਾਲੀ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਅੱਗੇ ਦੀ ਪੁਛਗਿੱਛ ਵਿੱਚ ਹੋਰ ਖੁਲਾਸੇ ਕੀਤੇ ਜਾ ਸਕਣ।