ਸਿਹਤ ਵਿਭਾਗ ਨੇ ਕਿਸਾਨਾਂ ਨੂੰ ਕੀਤਾ ਜਾਗਰੂਕ
ਸਿਹਤ ਵਿਭਾਗ ਨੇ ਕਿਸਾਨਾਂ ਨੂੰ ਕੀਤਾ ਜਾਗਰੂਕ
Publish Date: Thu, 09 Apr 2026 05:20 PM (IST)
Updated Date: Fri, 10 Apr 2026 04:09 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਵਿਸ਼ਵ ਸਿਹਤ ਦਿਵਸ ਮੌਕੇ ਕਿਸਾਨ ਮੇਲੇ ਦੌਰਾਨ ਸਿਹਤ ਵਿਭਾਗ ਬਠਿੰਡਾ ਵੱਲੋਂ ਕਿਸਾਨਾਂ ਅਤੇ ਆਮ ਜਨਤਾ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਪ੍ਰਦਰਸ਼ਨੀ ਲਗਾਈ ਗਈ, ਜਿਸ ’ਚ ਵੱਖ-ਵੱਖ ਬਿਮਾਰੀਆਂ ਤੋਂ ਬਚਾਅ, ਸਹੀ ਖੁਰਾਕ, ਸਫਾਈ ਤੇ ਜੀਵਨਸ਼ੈਲੀ ਨਾਲ ਸਬੰਧਤ ਜਾਣਕਾਰੀ ਦਿੱਤੀ ਗਈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ‘ਸਿਹਤ ਲਈ ਵਿਗਿਆਨ ਦੇ ਨਾਲ ਖੜ੍ਹੇ ਹੋਣਾ’ ਥੀਮ ਤਹਿਤ ਕਿਸਾਨ ਮੇਲੇ ਵਿਚ ਜਾਗਰੂਕਤਾ ਪ੍ਰਦਰਸ਼ਨੀ ਲਗਾਈ ਗਈ, ਜਿਸ ’ਚ ਸ਼ੋਸ਼ਲ ਮੀਡੀਆ ਰਾਹੀ ਜਿੱਥੇ ਲਾਭਕਾਰੀ ਜਾਣਕਾਰੀ ਲੋਕਾਂ ਤਕ ਪਹੁੰਚਦੀ ਹੈ, ਉੱਥੇ ਸਿਹਤ ਸਬੰਧੀ ਅਤੇ ਬਿਮਾਰੀਆਂ ਸਬੰਧੀ ਅਫਵਾਹਾਂ ਵੀ ਲੋਕਾਂ ਦੀ ਸਿਹਤ ਨੂੰ ਵਿਗਾੜ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸ਼ੋਸ਼ਲ ਮੀਡੀਆ ’ਤੇ ਅਧੂਰੀ ਜਾਣਕਾਰੀ ਲੋਕਾਂ ਨੂੰ ਅਜਿਹੇ ਫੈਸਲੇ ਲੈਣ ਲਈ ਪ੍ਰੇਰਿਤ ਕਰ ਸਕਦੀ ਹੈ, ਜੋ ਉਨ੍ਹਾਂ ਦੀ ਸਿਹਤ ਲਈ ਨੁਕਸਾਨ ਦੇਹ ਹੋ ਸਕਦੇ ਹਨ। ਟੀਕਾਕਰਨ ਮੁਹਿੰਮਾਂ ਸਬੰਧੀ ਫੈਲੀਆਂ ਅਫਵਾਹਾਂ ਰਾਂਹੀ ਲੋਕਾਂ ਨੂੰ ਰੋਗ ਰਹਿਤ ਕਰਨ ਵਾਲੀਆਂ ਵੈਕਸੀਨਾਂ ਦਾ 100 ਫੀਸਦੀ ਟੀਕਾਕਰਨ ਨਹੀਂ ਹੁੰਦਾ, ਜਿਸ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਬੀਈਈ ਗਗਨਦੀਪ ਸਿੰਘ ਭੁੱਲਰ ਨੇ ਕਿਸਾਨਾਂ ਤੇ ਆਮ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ।