ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥਾਂ ਸਣੇ 6 ਗ੍ਰਿਫ਼ਤਾਰ
ਭਾਰੀ ਮਾਤਰਾ ਨਸ਼ੀਲੇ ਪਦਾਰਥਾਂ ਸਮੇਤ 6 ਵਿਅਕਤੀ ਗ੍ਰਿਫ਼ਤਾਰ
Publish Date: Thu, 09 Apr 2026 05:13 PM (IST)
Updated Date: Fri, 10 Apr 2026 04:08 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 6 ਵਿਅਕਤੀਆਂ ਨੂੰ ਭਾਰੀ ਮਾਤਰਾ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਫੜੇ ਗਏ ਇਨ੍ਹਾਂ ਮੁਲਜ਼ਮਾਂ ਕੋਲੋਂ 12.9 ਗ੍ਰਾਮ ਹੈਰੋਇਨ, 90 ਪਾਬੰਦੀਸ਼ੁਦਾ ਕੈਪਸੂਲ ਤੇ 130 ਲੀਟਰ ਲਾਹਣ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਪਿੰਡ ਬੀੜ ਤਲਾਬ ਵਿਚ ਛਾਪੇਮਾਰੀ ਕਰਦਿਆਂ ਟੋਨੀ ਸਿੰਘ ਨੂੰ 50 ਲੀਟਰ ਲਾਹਣ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਤਰ੍ਹਾਂ ਹੀ ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਪਿੰਡ ਦਾਨ ਸਿੰਘ ਵਾਲਾ ’ਚ ਛਾਪੇਮਾਰੀ ਕਰਦਿਆਂ ਤਰਨਦੀਪ ਸਿੰਘ ਨੂੰ 6.55 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸੇ ਥਾਣੇ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਪਿੰਡ ਹਰਰਾਏਪੁਰ ਵਿਚ ਛਾਪੇਮਾਰੀ ਕਰਦਿਆਂ ਸੁਖਮੰਦਰ ਸਿੰਘ ਵਾਸੀ ਹਰਰਾਏਪੁਰ ਨੂੰ 130 ਲੀਟਰ ਲਾਹਣ ਸਮੇਤ ਕਾਬੂ ਕੀਤਾ ਹੈ। ਥਾਣਾ ਨਥਾਣਾ ਦੀ ਪੁਲਿਸ ਨੇ ਪਿੰਡ ਲਹਿਰਾਖਾਨਾ ਵਿਚ ਛਾਪੇਮਾਰੀ ਕਰਦਿਆਂ ਕੁਲਵੰਤ ਸਿੰਘ ਵਾਸੀ ਲਹਿਰਾ ਮੁਹੱਬਤ ਅਤੇ ਪਰਮਜੀਤ ਸਿੰਘ ਵਾਸੀ ਲਹਿਰਾਖਾਨਾ ਨੂੰ 3.4 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਤਰ੍ਹਾਂ ਹੀ ਥਾਣਾ ਭਗਤਾ ਭਾਈਕਾ ਦੀ ਪੁਲਿਸ ਨੇ ਦਿਆਲਪੁਰਾ ਭਾਈ ਕਾ ਵਿਚ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 2.50 ਗ੍ਰਾਮ ਹੈਰੋਇਨ ਪ੍ਰਾਪਤ ਹੋਈ। ਪੁਲਿਸ ਪਾਰਟੀ ਨੇ ਮੁਲਜਮ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ ਜਸਵੀਰ ਸਿੰਘ ਵਾਸੀ ਪਿੰਡ ਗੁਮਟੀ ਕਲਾਂ ਵਜੋਂ ਹੋਈ ਹੈ। ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਪਿੰਡ ਕਲਾਲਾਵਾਲਾ ਵਿਚ ਛਾਪੇਮਾਰੀ ਕਰਦਿਆਂ ਹਰਜੀਤ ਸਿੰਘ ਨੂੰ 90 ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।