ਤਲਵੰਡੀ ਸਾਬੋ ਸ਼ਹਿਰ ਨੂੰ ਪ੍ਰਸ਼ਾਸਨ ਤੇ ਸੁਰੱਖਿਆ ਲਈ 6 ਸੈਕਟਰਾਂ ਵਿਚ ਵੰਡਿਆ
ਤਲਵੰਡੀ ਸਾਬੋ ਸ਼ਹਿਰ ਨੂੰ ਪ੍ਰਸ਼ਾਸਨ ਅਤੇ ਸੁਰੱਖਿਆ ਲਈ 6 ਸੈਕਟਰਾਂ ਵਿਚ ਵੰਡਿਆ
Publish Date: Thu, 09 Apr 2026 05:02 PM (IST)
Updated Date: Fri, 10 Apr 2026 04:06 AM (IST)

* ਸਿਹਤ ਵਿਭਾਗ ਨੇ ਵੀ ਮੇਲੇ ਨੂੰ ਲੈ ਕੇ ਕੀਤੀਆਂ ਤਿਆਰੀਆਂ ਫੋਟੋ: 10,11 ਕੈਪਸ਼ਨ: ਐਸਡੀਐੱਮ ਦਫਤਰ ਵਿਚ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਡੀਸੀ ਰਾਜੇਸ਼ ਧੀਮਾਨ ਕੈਪਸ਼ਨ: ਮੀਟਿੰਗ ਦੌਰਾਨ ਸਿਹਤ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਡਾ. ਅਨਿਲ ਗੋਇਲ ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ : ਡਿਪਟੀ ਕਮਿਸ਼ਨਰ ਰਾਜੇਸ਼ ਧੀਮਨ ਨੇ ਅੱਜ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਿਸਾਖੀ ਮੇਲੇ ਲਈ ਸ਼ਰਧਾ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾ ਕਿਹਾ ਕਿ ਇਸ ਨੂੰ ਕੇਵਲ ਡਿਊਟੀ ਨਾ ਸਮਝਿਆ ਜਾਵੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਲਵੰਡੀ ਸਾਬੋ ਸ਼ਹਿਰ ਨੂੰ ਪ੍ਰਸ਼ਾਸਨ ਤੇ ਸੁਰੱਖਿਆ ਲਈ 6 ਸੈਕਟਰਾਂ ’ਚ ਵੰਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤੀਰਥ ਯਾਤਰੀਆਂ ਲਈ ਸੁਚੱਜੀ ਟ੍ਰੈਫਿਕ ਵਿਵਸਥਾ ਨਿਸ਼ਚਿਤ ਕਰਨ ਲਈ ਬਠਿੰਡਾ ਰੋਡ, ਲੇਲੇਵਾਲਾ ਰੋਡ, ਮੌੜ ਮੰਡੀ ਰੋਡ, ਸਰਦੂਲਗੜ੍ਹ ਰੋਡ ਅਤੇ ਰਾਮਾਂ ਮੰਡੀ ਰੋਡ ਤੇ ਅਸਥਾਈ ਬੱਸ ਅੱਡੇ ਬਣਾਏ ਗਏ ਹਨ। ਸਿਹਤ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਮਹੱਤਵਪੂਰਨ ਸਥਾਨਾਂ ਤੇ ਫਸਟ ਏਡ ਪੋਸਟਾਂ, ਐਂਬੂਲੈਂਸਾਂ, ਮੈਡੀਕਲ ਕਿੱਟਾਂ, ਸਟ੍ਰੈਚਰਾਂ ਅਤੇ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ਼ ਦੀ ਟੀਮ ਮੌਜੂਦ ਰੱਖੀਆਂ ਜਾਣ। ਨਗਰ ਕੌਂਸਲ ਅਤੇ ਸੈਨੀਟੇਸ਼ਨ ਵਿਭਾਗ ਨੂੰ ਸਫਾਈ ਵਿਵਸਥਾਵਾਂ ਨੂੰ ਪ੍ਰਭਾਵੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਪੀਐੱਸਪੀਸੀਐੱਲ ਅਧਿਕਾਰੀਆਂ ਨੂੰ ਕੋਈ ਢਿੱਲੀ ਵਾਇਰਿੰਗ ਜਾਂ ਸਰਕਟ ਖੁੱਲ੍ਹਾ ਨਾ ਛੱਡਣ ਅਤੇ ਸਾਰੀ ਬਿਜਲੀ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਵੈਸਾਖੀ ਮੇਲੇ ਤੇ ਆਉਣ ਵਾਲੇ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਇਸ ਤੋਂ ਇਲਾਵਾ ਮੀਟਿੰਗ ਵਿਚ ਫਾਇਰ ਟੈਂਡਰ, ਫੌਗਿੰਗ, ਸਵਾਗਤ ਗੇਟ ਲਗਾਉਣਾ, ਟ੍ਰੈਫਿਕ ਪ੍ਰਬੰਧਨ ਅਤੇ ਖੇਤਰ ਦੀ ਸੁਰੱਖਿਆ ਬਾਰੇ ਵੀ ਚਰਚਾ ਕੀਤੀ ਗਈ। ਇਸ ਮੌਕੇ ਐਸਡੀਐੱਮ ਤਲਵੰਡੀ ਸਾਬੋ ਰਾਜੇਸ਼ ਕੁਮਾਰ, ਡੀਐੱਸਪੀ. ਗੁਰਮੀਤ ਸਿੰਘ, ਡੀਐੱਸਪੀ ਜਗਦੀਸ਼ ਬਿਸ਼ਨੋਈ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਮੁਖੀ ਮੌਜੂਦ ਸਨ। ਇਸੇ ਤਰ੍ਹਾਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਲਾਨਾ ਵਿਸਾਖੀ ਮੇਲੇ ਦੇ ਦਿਹਾੜੇ ਨੂੰ ਧਿਆਨ ਵਿਚ ਰੱਖਦਿਆਂ ਸਿਹਤ ਡਾਇਰੈਕਟਰ ਪੰਜਾਬ ਡਾ. ਅਨਿਲ ਗੋਇਲ ਵੱਲੋਂ ਜ਼ਿਲ੍ਹੇ ਦੇ ਸਿਹਤ ਅਧਿਕਾਰੀਆਂ ਨਾਲ ਸਿਹਤ ਸਹੂਲਤਾਂ ਅਤੇ ਪ੍ਰਬੰਧਾਂ ਦੀ ਸਮੀਖਿਆ ਲਈ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਿਹਤ ਡਾਇਰੈਕਟਰ ਪੰਜਾਬ ਡਾ. ਅਨਿਲ ਗੋਇਲ ਨੇ ਸਿਹਤ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਮੇਲੇ ਦੌਰਾਨ ਆਉਣ ਵਾਲੀ ਭਾਰੀ ਸਰਧਾਲੂਆਂ ਦੀ ਭੀੜ ਨੂੰ ਦੇਖਦਿਆਂ ਸਾਰੇ ਸਿਹਤ ਪ੍ਰਬੰਧ ਮੁਕੰਮਲ ਤੌਰ ‘ਤੇ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਐਮਰਜੈਂਸੀ ਸੇਵਾਵਾਂ, ਐਂਬੂਲੈਂਸ ਸਹੂਲਤ, ਮੈਡੀਕਲ ਟੀਮਾਂ ਦੀ ਤੈਨਾਤੀ ਅਤੇ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਹੋਰ ਕਿਹਾ ਕਿ ਮੇਲੇ ਦੇ ਸਥਾਨ ‘ਤੇ ਅਸਥਾਈ ਮੈਡੀਕਲ ਕੈਂਪ ਲਗਾਏ ਜਾਣ ਅਤੇ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੀਟ ਸਟ੍ਰੋਕ ਅਤੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕਤਾ ਵੀ ਫੈਲਾਈ ਜਾਵੇ। ਮੀਟਿੰਗ ’ਚ ਸਫਾਈ ਪ੍ਰਬੰਧਾਂ ‘ਤੇ ਵੀ ਖਾਸ ਜ਼ੋਰ ਦਿੱਤਾ ਗਿਆ ਅਤੇ ਸਿਹਤ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਕਿ ਖਾਣ-ਪੀਣ ਵਾਲੀਆਂ ਦੁਕਾਨਾਂ ਦੀ ਨਿਯਮਿਤ ਜਾਂਚ ਕੀਤੀ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਫੈਲਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਉਹਨਾਂ ਵੱਲੋਂ ਹਸਪਤਾਲ ਦੀਆਂ ਐਮਰਜੈਂਸੀ ਸੇਵਾਵਾਂ ਦਾ ਨਿਰੀਖਣ ਵੀ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸਿਹਤ ਟੀਮਾਂ ਦਾ ਗਠਨ ਕੀਤਾ ਗਿਆ ਹੈ ਤੇ ਵੱਖ ਵੱਖ ਵਿਭਾਗਾਂ ਦੇ ਨਾਲ ਤਾਲਮੇਲ ਬਣਾ ਕੇ ਮੇਲੇ ਦੌਰਾਨ ਲੋਕਾਂ ਨੂੰ ਸਿਹਤ ਸਹੂਲਤਾਂ ਮਹੱਈਆ ਕਰਵਾਉਣ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆ ਹਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਜ਼ਿਲ੍ਹਾ ਹਸਪਤਾਲ ਤੇ ਸਬ ਡਵੀਜ਼ਨਲ ਹਸਪਤਾਲਾਂ ’ਚ ਐਮਰਜੈਂਸੀ ਸੇਵਾਵਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ ਤੇ ਐਂਮਰਜੈਂਸੀ ਸਥਿਤੀ ਵਿਚ ਸਿਹਤ ਸਹੂਲਤਾਂ ਲਈ ਐਂਬੂਲੈਂਸਾਂ ਤਾਇਨਾਤ ਕੀਤੀਆਂ ਜਾਣਗੀਆਂ ਅਤੇ ਸਾਰੇ ਸਿਹਤ ਸੰਸਥਾਨਾਂ ਨੂੰ ਅਲਰਟ ‘ਤੇ ਰੱਖਿਆ ਜਾਵੇਗਾ। ਦਵਾਈਆਂ ਦੀ ਪੂਰੀ ਉਪਲਬਧਤਾ ਯਕੀਨੀ ਬਣਾਈ ਜਾ ਰਹੀ ਹੈ ਅਤੇ ਵਿਸ਼ੇਸ਼ ਤੌਰ ‘ਤੇ ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਜੀਵਨ ਰੱਖਿਅਕ ਘੋਲ ਅਤੇ ਹੋਰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।