ਇਕ ਮਹੀਨੇ ’ਚ ਹੀ ਉਖੜ ਗਈਆਂ ਨਵੀਆਂ ਸੜਕਾਂ
ਇਕ ਮਹੀਨੇ ਵਿੱਚ ਹੀ ਉਖੜ ਗਈਆਂ ਨਵੀਂਆਂ ਸੜਕਾਂ, ਪਹਿਲੇ ਮੀਂਹ ਨਾਲ ਹੀ ਘਟੀਆ ਨਿਰਮਾਣ ਦੀ ਖੁੱਲ੍ਹੀ ਪੋਲ੍ਹ
Publish Date: Thu, 09 Apr 2026 04:55 PM (IST)
Updated Date: Fri, 10 Apr 2026 04:06 AM (IST)

* ਪਹਿਲੇ ਮੀਂਹ ਨਾਲ ਹੀ ਘਟੀਆ ਨਿਰਮਾਣ ਦੀ ਖੁੱਲ੍ਹੀ ਪੋਲ੍ਹ ਫੋਟੋ:20,21 ਕੈਪਸ਼ਨ: ਸ਼ਹਿਰ ਦੇ ਮਾਡਲ ਟਾਊਨ ਫੇਜ ਦੋ ਵਿਚ ਸੜਕ ਵਿਚ ਧਸੀ ਹੋਈ ਪੱਥਰ ਦੀ ਭਰੀ ਟਰਾਲੀ ਕੈਪਸ਼ਨ: ਸ਼ਹਿਰ ਦੇ ਮਾਡਲ ਟਾਊਨ ਫੇਜ ਦੋ ਵਿਚ ਸੜਕ ’ਤੇ ਪਿਆ ਹੋਇਆ ਡੂੰਘਾ ਖੱਡਾ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਸ਼ਹਿਰ ਅੰਦਰ ਹਾਲ ਹੀ ਵਿਚ ਬਣਾਈਆਂ ਨਵੀਆਂ ਸੜਕਾਂ ਦੀ ਗੁਣਵੱਤਾ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਸ਼ਹਿਰ ’ਚ ਸਿਰਫ਼ ਇਕ ਮਹੀਨਾ ਪਹਿਲਾਂ ਤਿਆਰ ਹੋਈਆਂ ਕਈ ਸੜਕਾਂ ਪਹਿਲਾ ਮੀਂਹ ਵੀ ਸਹਿ ਨਹੀਂ ਸਕੀਆਂ ਤੇ ਕਈ ਥਾਵਾਂ ਤੋਂ ਧਸ ਗਈਆਂ। ਕਈ ਸੜਕਾਂ ਬੁਰੀ ਤਰ੍ਹਾਂ ਉੱਖੜ ਗਈਆਂ ਹਨ। ਮਾਡਲ ਟਾਊਨ ਫੇਜ਼-2 ਸਮੇਤ ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਸੜਕਾਂ ਦੀ ਹਾਲਤ ਇੰਨ੍ਹੀ ਖਰਾਬ ਹੋ ਗਈ ਹੈ ਕਿ ਲੋਕਾਂ ਨੂੰ ਰੋਜ਼ਾਨਾ ਆਵਾਜਾਈ ’ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਥਾਂ-ਥਾਂ ’ਤੇ ਬਣੇ ਖੱਡੇ ਤੇ ਉਖੜੀਆਂ ਸੜਕਾਂ ਨੇ ਨਾਂ ਸਿਰਫ਼ ਆਵਾਜਾਈ ਪ੍ਰਭਾਵਿਤ ਕੀਤੀ ਹੈ, ਸਗੋਂ ਹਾਦਸਿਆਂ ਦਾ ਖ਼ਤਰਾ ਵੀ ਵਧਾ ਦਿੱਤਾ ਹੈ। ਸਰਦੀ ਦੇ ਮੌਸਮ ਦੇ ਖ਼ਤਮ ਹੋਣ ਤੋਂ ਬਾਅਦ ਮਾਰਚ ਮਹੀਨੇ ਵਿੱਚ ਸ਼ਹਿਰ ਵਿੱਚ ਨਵੀਂਆਂ ਸੜਕਾਂ ਦਾ ਨਿਰਮਾਣ ਵੱਡੇ ਪੱਧਰ ‘ਤੇ ਸ਼ੁਰੂ ਕੀਤਾ ਗਿਆ ਸੀ। ਪ੍ਰਸ਼ਾਸਨ ਨੇ ਦਾਅਵਾ ਕੀਤਾ ਸੀ ਕਿ ਇਹ ਸੜਕਾਂ ਬਣਨ ਨਾਲ ਲੋਕਾਂ ਨੂੰ ਬਿਹਤਰ ਸੁਵਿਧਾਵਾਂ ਮਿਲਣਗੀਆਂ ਅਤੇ ਸੜਕਾਂ ਦੀ ਹਾਲਤ ਲੰਬੇ ਸਮੇਂ ਤਕ ਮਜ਼ਬੂਤ ਰਹਿਣਗੀਆਂ। ਇਸ ਤਹਿਤ ਖਾਸ ਕਰਕੇ ਮਾਡਲ ਟਾਊਨ ਫੇਜ਼-2 ਖੇਤਰ ਵਿੱਚ ਸੀਵਰੇਜ ਪਾਈਪ ਲਾਈਨ ਪਾਉਣ ਤੋਂ ਬਾਅਦ ਸੜਕਾਂ ਨੂੰ ਦੁਬਾਰਾ ਬਣਾਇਆ ਗਿਆ ਸੀ। ਪਰ ਨਿਰਮਾਣ ਕਾਰਜ ਦੀ ਗੁਣਵੱਤਾ ਇੰਨ੍ਹੀ ਕਮਜ਼ੋਰ ਸੀ ਕਿ ਹਾਲ ਹੀ ਵਿੱਚ ਹੋਈ ਹਲਕੀ ਵਰਖਾ ਤੋਂ ਬਾਅਦ ਹੀ ਸੜਕਾਂ ਥਾਂ-ਥਾਂ ਤੋਂ ਧਸ ਗਈਆਂ ਅਤੇ ਜਿਸ ਨਾਲ ਸੜਕਾਂ ਬਣਾਉਣ ਸਮੇਂ ਘਟੀਆ ਮਟੀਰੀਅਲ ਵਰਤੇ ਜਾਣ ਦੀ ਚਰਚਾ ਛਿੜ ਪਈ ਹੈ। ਬੁੱਧਵਾਰ ਨੂੰ ਹਾਲਤ ਉਸ ਸਮੇਂ ਹੋਰ ਗੰਭੀਰ ਹੋ ਗਈ ਜਦੋਂ ਪੱਥਰ ਦੀ ਭਰੀ ਇਕ ਟਰਾਲੀ ਸੜਕ ਦੇ ਧਸ ਜਾਣ ਕਾਰਨ ਫਸ ਗਈ। ਸੜਕ ਦੇ ਵਿਚਕਾਰ ਬਣੇ ਡੂੰਘੇ ਖੱਡੇ ਵਿੱਚ ਟਰਾਲੀ ਦਾ ਪਹੀਆ ਧਸਣ ਕਾਰਨ ਉਸ ਨੂੰ ਬਾਹਰ ਕੱਢਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਇਸ ਦੌਰਾਨ ਕਈ ਘੰਟੇ ਤਕ ਟਰੈਕਟਰ ਟਰਾਲੀ ਚਾਲਕ ਨੂੰ ਲੰਮਾ ਇੰਤਜ਼ਾਰ ਕਰਨਾ ਪਿਆ। ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਸੜਕ ਨਿਰਮਾਣ ਦੌਰਾਨ ਬੇਸ ਨੂੰ ਠੀਕ ਤਰ੍ਹਾਂ ਮਜ਼ਬੂਤ ਨਹੀਂ ਕੀਤਾ ਗਿਆ ਅਤੇ ਨਾ ਹੀ ਮਿੱਟੀ ਨੂੰ ਢੰਗ ਨਾਲ ਦਬਾਇਆ ਗਿਆ, ਜਿਸ ਕਾਰਨ ਥੋੜ੍ਹੀ ਜਿਹੀ ਵਰਖਾ ਵਿੱਚ ਹੀ ਸੜਕ ਧਸ ਗਈ। ਸੜਕਾਂ ਦੀ ਹਾਲਤ ਇੰਨ੍ਹੀ ਖਰਾਬ ਹੋ ਗਈ ਹੈ ਕਿ ਕਈ ਥਾਵਾਂ ‘ਤੇ ਬਜ਼ਰੀ ਪੂਰੀ ਤਰ੍ਹਾਂ ਉਖੜ ਕੇ ਬਾਹਰ ਆ ਗਈ ਹੈ। ਸੜਕ ਦੇ ਵਿਚਕਾਰ ਵੱਡੇ-ਵੱਡੇ ਖੱਡੇ ਬਣ ਚੁੱਕੇ ਹਨ, ਜਿਨ੍ਹਾਂ ਵਿੱਚ ਪਾਣੀ ਭਰਨ ਕਾਰਨ ਹਾਲਤ ਹੋਰ ਵੀ ਖਤਰਨਾਕ ਹੋ ਗਈ ਹੈ। ਰਾਤ ਦੇ ਸਮੇਂ ਇਨ੍ਹਾਂ ਖੱਡਿਆਂ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ, ਜਿਸ ਕਾਰਨ ਦੁਰਘਟਨਾਵਾਂ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ। ਇਹੀ ਹਾਲਤ ਸ਼ਹਿਰ ਦੇ ਹੋਰ ਖੇਤਰਾਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਹਾਲ ਹੀ ਵਿੱਚ ਬਣਾਈਆਂ ਸੜਕਾਂ ਤੋਂ ਸਮੱਗਰੀ ਨਿਕਲ ਰਹੀ ਹੈ ਅਤੇ ਉਹ ਹੌਲੀ ਹੌਲੀ ਟੁੱਟਣ ਲੱਗੀਆਂ ਹਨ। ਸਥਾਨਕ ਨਿਵਾਸੀਆਂ ਨੇ ਇਸ ਪੂਰੇ ਮਾਮਲੇ ਵਿੱਚ ਪ੍ਰਸ਼ਾਸਨ ਅਤੇ ਠੇਕੇਦਾਰਾਂ ‘ਤੇ ਗੰਭੀਰ ਦੋਸ਼ ਲਾਏ ਹਨ ਕਿ ਉਨ੍ਹਾਂ ਸੜਕਾਂ ਦੇ ਨਿਰਮਾਣ ਕਾਰਜ ਵਿੱਚ ਘਟੀਆ ਸਮੱਗਰੀ ਵਰਤੀ ਗਈ ਅਤੇ ਗੁਣਵੱਤਾ ਦੇ ਮਿਆਰ ਦੀ ਅਣਡਿੱਠ ਕੀਤਾ ਗਿਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰ ਕੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਠੇਕੇਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਲਾਪਰਵਾਹੀ ਨਾ ਹੋਵੇ। ਦੂਜੇ ਪਾਸੇ ਵੀਰਵਾਰ ਨੂੰ ਬਠਿੰਡਾ ਪਹੁੰਚੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਦੀ ਕਾਇਆ ਕਲਪ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਲੋਕਾਂ ਨੂੰ ਬਿਹਤਰ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਭਰੋਸਾ ਦਿਲਾਇਆ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਹਾਲਾਂਕਿ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਤੋਂ ਬਿਲਕੁਲ ਵੱਖਰੀ ਨਜ਼ਰ ਆ ਰਹੀ ਹੈ।