ਚੋਰੀ ਕਰਨ ਦੇ ਦੋਸ਼ ’ਚ ਦੋ ਕਾਬੂ
ਚੋਰੀ ਕਰਨ ਵਾਲੇ ਦੋ ਕਾਬੂ
Publish Date: Thu, 09 Apr 2026 04:36 PM (IST)
Updated Date: Fri, 10 Apr 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਚੋਰੀ ਕਰਨ ਦੇ ਦੋਸ਼ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਸਿਵਲ ਲਾਈਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੁਖਪਾਲ ਸਿੰਘ ਵਾਸੀ ਪਿੰਡ ਤੁੰਗਵਾਲੀ ਮੋਟਰਸਾਈਕਲ ਚੋਰੀ ਕਰਨ ਦਾ ਆਦੀ ਹੈ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਘੋੜੇ ਵਾਲਾ ਚੌਂਕ ਵਿਚ ਘੁੰਮ ਰਿਹਾ ਹੈ। ਸਹਾਇਕ ਥਾਣੇਦਾਰ ਮੰਦਰ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕੀਤਾ ਹੈ। ਇਸ ਤਰ੍ਹਾਂ ਹੀ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੇ ਪਰਸਰਾਮ ਨਗਰ ਦੇ ਘਰ ਵਿੱਚੋਂ ਚੋਰੀ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਜਤਿੰਦਰ ਸਿੰਘ ਵਾਸੀ ਅਮਰਪੁਰਾ ਬਸਤੀ ਦਸ਼ਮੇਸ਼ ਨਗਰ ਬਠਿੰਡਾ ਵਜੋਂ ਹੋਈ ਹੈ। ਪੀੜਤ ਸੁਨੀਲ ਕੁਮਾਰ ਵਾਸੀ ਪਰਸਰਾਮ ਨਗਰ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਦੇ ਘਰੋਂ 9000 ਚੋਰੀ ਕੀਤੇ ਹਨ। ਸਹਾਇਕ ਥਾਣੇਦਾਰ ਰਣਧੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।