- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ਦੀ ਮੁੱਖ ਦਾਣਾ ਮੰਡੀ ’ਚ ਆਈ 30 ਮੀਟਰਕ ਟਨ ਕਣਕ, ਭਾਰੀ ਮੀਂਹ ਕਾਰਨ ਕਣਕ ਦੀ ਵਾਢੀ ਲੇਟ ਹੋਣ ਦੀ ਸੰਭਾਵਨਾ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਅੰਦਰ ਮੰਗਲਵਾਰ ਸ਼ਾਮ ਨੂੰ ਪਏ ਭਾਰੀ ਮੀਂਹ ਨੇ ਕਿਸਾਨਾਂ ਲਈ ਨਵੀਂ ਚਿੰਤਾ ਖੜ੍ਹੀ ਕਰ ਦਿੱਤੀ ਹੈ। ਮੌਸਮ ਦੀ ਮਾਰ ਨਾਲ ਪਰੇਸ਼ਾਨ ਕਿਸਾਨਾਂ ਨੂੰ ਹੁਣ ਕਣਕ ਦੀ ਵਾਢੀ ਵਿੱਚ ਦੇਰੀ ਹੋਣ ਦਾ ਖਤਰਾ ਬਣ ਗਿਆ ਹੈ। ਦੂਜੇ ਪਾਸੇ ਬਠਿੰਡਾ ਦੀ ਮੁੱਖ ਦਾਣਾ ਮੰਡੀ ਵਿਚ ਅਜੇ ਤਕ ਸਿਰਫ਼ 30 ਮੀਟਰਕ ਟਨ ਕਣਕ ਹੀ ਵਿਕਣ ਲਈ ਆਈ ਹੈ ਜਦੋਂ ਕਿ ਜ਼ਿਲ੍ਹੇ ਦੀਆਂ ਬਾਕੀ ਮੰਡੀਆਂ ਅਜੇ ਸੁੰਨੀਆਂ ਨਜ਼ਰ ਆ ਰਹੀਆਂ ਹਨ। ਮੀਂਹ ਕਾਰਨ ਖੇਤਾਂ ਵਿੱਚ ਨਮੀ ਵੱਧ ਜਾਣ ਨਾਲ ਕਣਕ ਦੀ ਵਢਾਈ ਦਾ ਕੰਮ ਰੁਕ ਗਿਆ ਹੈ, ਜਿਸ ਕਰਕੇ ਦਾਣਾ ਮੰਡੀਆਂ ਵਿੱਚ ਵੀ ਕਣਕ ਦੀ ਆਮਦ ਲਗਭਗ ਠੱਪ ਪਈ ਹੈ। ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਸ਼ਹਿਰ ਦੀ ਮੁੱਖ ਦਾਣਾ ਮੰਡੀ ਤੋਂ ਇਲਾਵਾ ਜ਼ਿਲ੍ਹੇ ਦੀਆਂ ਹੋਰ ਕਿਸੇ ਵੀ ਦਾਣਾ ਮੰਡੀ ਵਿੱਚ ਅਜੇ ਤਕ ਕਣਕ ਦੀ ਆਮਦ ਸ਼ੁਰੂ ਨਹੀਂ ਹੋਈ। ਮੁੱਖ ਦਾਣਾ ਮੰਡੀ ਵਿੱਚ ਵੀ ਸਿਰਫ 30 ਮੀਟ੍ਰਿਕ ਟਨ ਕਣਕ ਹੀ ਪਹੁੰਚੀ ਹੈ, ਜੋ ਕਿ ਮੌਸਮ ਦੇ ਪ੍ਰਭਾਵ ਨੂੰ ਦਰਸਾਉਂਦੀ ਹੈ। ਆਮ ਤੌਰ ‘ਤੇ ਇਸ ਸਮੇਂ ਤਕ ਮੰਡੀਆਂ ’ਚ ਕਣਕ ਦੀ ਆਮਦ ਤੇਜ਼ ਹੋਣੀ ਸ਼ੁਰੂ ਹੋ ਜਾਂਦੀ ਹੈ, ਪਰ ਇਸ ਵਾਰੀ ਮੌਸਮ ਦੀ ਮਾਰ ਨੇ ਸਾਰੀ ਪ੍ਰਕਿਰਿਆ ਨੂੰ ਪਿੱਛੇ ਧੱਕ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਖੇਤਾਂ ਵਿੱਚ ਖੜ੍ਹੀ ਕਣਕ ਗਿੱਲੀ ਹੋ ਗਈ ਹੈ, ਜਿਸ ਨਾਲ ਕਟਾਈ ਕਰਨਾ ਮੁਸ਼ਕਲ ਹੋ ਗਿਆ ਹੈ। ਕਈ ਥਾਵਾਂ ‘ਤੇ ਕਣਕ ਧਰਤੀ ’ਤੇ ਡਿੱਗ ਪਈ ਹੈ, ਜਿਸ ਨਾਲ ਪੈਦਾਵਾਰ ’ਤੇ ਅਸਰ ਪੈਣ ਦਾ ਖਤਰਾ ਵੱਧ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਖਰਾਬ ਰਹਿੰਦਾ ਹੈ ਤਾਂ ਕਣਕ ਦੀ ਗੁਣਵੱਤਾ ‘ਤੇ ਵੀ ਮਾੜਾ ਪ੍ਰਭਾਵ ਪੈ ਸਕਦਾ ਹੈ। ਦੂਜੇ ਪਾਸੇ ਮੰਡੀ ਪ੍ਰਸ਼ਾਸਨ ਅਤੇ ਖਰੀਦ ਏਜੰਸੀਆਂ ਵੀ ਚਿੰਤਤ ਨਜ਼ਰ ਆ ਰਹੀਆਂ ਹਨ। ਮੰਡੀਆਂ ਵਿੱਚ ਅਜੇ ਤਕ ਖਰੀਦ ਦੀਆਂ ਤਿਆਰੀਆਂ ਤਾਂ ਮੁਕੰਮਲ ਕਰ ਲਈਆਂ ਗਈਆਂ ਹਨ, ਪਰ ਕਣਕ ਦੀ ਆਮਦ ਨਾ ਹੋਣ ਕਰਕੇ ਸਾਰਾ ਪ੍ਰਬੰਧ ਖਾਲੀ ਪਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਵੇਂ ਹੀ ਮੌਸਮ ਸਾਫ਼ ਹੋਵੇਗਾ ਅਤੇ ਕਟਾਈ ਦਾ ਕੰਮ ਦੁਬਾਰਾ ਸ਼ੁਰੂ ਹੋਵੇਗਾ, ਕਣਕ ਦੀ ਆਮਦ ਵੀ ਤੇਜ਼ੀ ਨਾਲ ਵਧੇਗੀ। ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਵੀ ਅਗਲੇ ਕੁਝ ਦਿਨਾਂ ਵਿੱਚ ਮੌਸਮ ਬਦਲਾਅ ਦੀ ਸੰਭਾਵਨਾ ਜਤਾਈ ਗਈ ਹੈ, ਜਿਸ ਨਾਲ ਕਿਸਾਨਾਂ ਦੀ ਚਿੰਤਾ ਹੋਰ ਵਧ ਗਈ ਹੈ। ਜੇਕਰ ਮੁੜ ਮੀਂਹ ਪੈਂਦਾ ਹੈ ਤਾਂ ਕਣਕ ਦੀ ਫਸਲ ਨੂੰ ਹੋਰ ਨੁਕਸਾਨ ਹੋ ਸਕਦਾ ਹੈ ਅਤੇ ਵਾਢੀ ਵਿੱਚ ਹੋਰ ਵੀ ਦੇਰੀ ਹੋ ਸਕਦੀ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮੌਸਮੀ ਮਾਰ ਨੇ ਪਹਿਲਾਂ ਹੀ ਉਨ੍ਹਾਂ ਦੀ ਆਰਥਿਕ ਹਾਲਤ ਨੂੰ ਕਮਜ਼ੋਰ ਕਰ ਦਿੱਤਾ ਹੈ ਅਤੇ ਜੇਕਰ ਇਸ ਵਾਰੀ ਵੀ ਨੁਕਸਾਨ ਹੋਇਆ ਤਾਂ ਉਹ ਵੱਡੀ ਮੁਸ਼ਕਲ ਵਿੱਚ ਪੈ ਸਕਦੇ ਹਨ। ਪਿਛਲੀ ਵਾਰ ਝੋਨੇ ਦਾ ਝਾੜ ਪ੍ਰਤੀ ਏਕੜ 15 ਮਣ ਘਟ ਗਿਆ ਸੀ; ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਸਹਿਣਾ ਪਿਆ ਸੀ। ਹੁਣ ਸਭ ਦੀਆਂ ਨਜ਼ਰਾਂ ਆਉਣ ਵਾਲੇ ਦਿਨਾਂ ਦੇ ਮੌਸਮ ‘ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਇਸ ‘ਤੇ ਹੀ ਨਿਰਭਰ ਕਰੇਗਾ ਕਿ ਕਣਕ ਦੀ ਆਮਦ ਕਦੋਂ ਤੇ ਕਿੰਨੀ ਤੇਜ਼ੀ ਨਾਲ ਸ਼ੁਰੂ ਹੁੰਦੀ ਹੈ। ਮੰਗਲਵਾਰ ਰਾਤ ਸਮੇਂ ਵਿਭਾਗ ਅਨੁਸਾਰ 29.4 ਮਿਲੀਮੀਟਰ ਮੀਂਹ ਪਿਆ ਹੈ, ਜਿਸ ਕਾਰਨ ਕਈ ਦਿਨ ਫਸਲ ਵਿੱਚੋਂ ਪਾਣੀ ਨਹੀਂ ਸੁੱਕੇਗਾ ਅਤੇ ਕੰਬਾਇਨਾਂ ਨਹੀਂ ਚੱਲ ਸਕਣਗੀਆਂ।