ਤਲਵੰਡੀ ਸਾਬੋ ਲਈ ਪੀਆਰਟੀਸੀ ਦੇ ਨਵੇਂ ਰੂਟਾਂ ਸਬੰਧੀ ਵਿਧਾਇਕਾ ਦੇ ਨਾਂ ਮੰਗ ਪੱਤਰ
ਤਲਵੰਡੀ ਸਾਬੋ ਖੇਤਰ ਲਈ ਪੀਆਰਟੀਸੀ ਦੇ ਨਵੇਂ ਰੂਟਾਂ ਦੀ ਮੰਗ
Publish Date: Wed, 08 Apr 2026 06:13 PM (IST)
Updated Date: Thu, 09 Apr 2026 04:06 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਤਲਵੰਡੀ ਸਾਬੋ ਹਲਕੇ ਦੀਆਂ ਵੱਖ-ਵੱਖ ਪੰਚਾਇਤਾਂ ਵੱਲੋਂ ਇਕ ਸਾਂਝਾ ਮੰਗ ਪੱਤਰ ਦੇ ਕੇ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਰਾਹੀਂ ਪੰਜਾਬ ਸਰਕਾਰ ਕੋਲੋਂ ਪੀਆਰਟੀਸੀ ਦੇ ਨਵੇਂ ਰੂਟ ਪਰਮਿਟ ਮਨਜ਼ੂਰ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਪੰਚਾਇਤ ਪ੍ਰਤੀਨਿਧੀਆਂ ਵੱਲੋਂ ਦੱਸਿਆ ਗਿਆ ਕਿ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਮਾਨਸਾ ਅਤੇ ਹੋਰ ਸ਼ਹਿਰਾਂ ਵੱਲ ਜਾਣ ਲਈ ਸਰਕਾਰੀ ਬੱਸ ਸੇਵਾ ਬਹੁਤ ਘੱਟ ਹੈ। ਇਸ ਸਬੰਧੀ ਅਜਮੇਰ ਸਿੰਘ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਫਤਹਿਗੜ੍ਹ ਸਾਹਿਬ, ਚੰਡੀਗੜ੍ਹ, ਲੁਧਿਆਣਾ ਅਤੇ ਜਲੰਧਰ ਵਾਇਆ ਜਗਾ ਰਾਮ ਤੀਰਥ, ਬਹਿਣੀਵਾਲ, ਬਣਾਂਵਾਲੀ ਤੇ ਮੂਸਾ ਰੂਟਾਂ ਲਈ ਨਵੇਂ ਪਰਮਿਟ ਜਾਰੀ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਵੇਲੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਮਾਨਸਾ ਜਾਣ ਲਈ ਪੀਆਰਟੀਸੀ ਦੀ ਸਿਰਫ਼ ਇਕ ਹੀ ਬੱਸ ਸੇਵਾ ਉਪਲੱਬਧ ਹੈ, ਜਦਕਿ ਇਕ ਹੋਰ ਸੇਵਾ ਬੁਢਲਾਡਾ ਡਿਪੂ ਵੱਲੋਂ ਚਲਾਈ ਜਾਂਦੀ ਹੈ। ਇਸਦੇ ਵਿਰੁੱਧ ਪ੍ਰਾਈਵੇਟ ਅਪਰੇਟਰਾਂ ਕੋਲ ਲਗਭਗ 52 ਪਰਮਿਟ ਹਨ। ਨਿਯਮਾਂ ਅਨੁਸਾਰ ਸਰਕਾਰੀ ਤੇ ਪ੍ਰਾਈਵੇਟ ਰੂਟਾਂ ਦੀ ਸੰਖਿਆ ਬਰਾਬਰ ਹੋਣੀ ਚਾਹੀਦੀ ਹੈ, ਪਰ ਇੱਥੇ ਇਸਦੀ ਪਾਲਣਾ ਨਹੀਂ ਹੋ ਰਹੀ। ਇਲਾਕੇ ’ਚ ਵੱਡੀ ਗਿਣਤੀ ਵਿਚ ਪਿੱਛੜੇ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਲੋਕ ਵਸਦੇ ਹਨ, ਜਿਨ੍ਹਾਂ ਵਿਚ ਔਰਤਾਂ ਦੀ ਭੂਮਿਕਾ ਵੀ ਵੱਡੀ ਹੈ। ਕਈ ਲੋਕ ਰੋਜ਼ਾਨਾ ਆਪਣੇ ਰੁਜ਼ਗਾਰ ਲਈ ਗੁਰੂ ਕਾਸ਼ੀ ਯੂਨੀਵਰਸਿਟੀ, ਬਣਾਂਵਾਲੀ ਥਰਮਲ ਪਲਾਂਟ ਅਤੇ ਮਾਨਸਾ ਸ਼ਹਿਰ ਜਾਂਦੇ ਹਨ। ਸਰਕਾਰੀ ਬੱਸਾਂ ਦੀ ਘਾਟ ਕਾਰਨ ਇਹ ਲੋਕ ਸਰਕਾਰ ਵੱਲੋਂ ਦਿੱਤੀ ਮੁਫ਼ਤ ਬੱਸ ਯਾਤਰਾ ਦੀ ਸਹੂਲਤ ਤੋਂ ਵੀ ਵਾਂਝੇ ਰਹਿ ਜਾਂਦੇ ਹਨ। ਦੁਪਹਿਰ ਸਮੇਂ ਮਾਨਸਾ ਅਤੇ ਤਲਵੰਡੀ ਸਾਬੋ ਵਿਚਕਾਰ ਕੋਈ ਵੀ ਪੀਆਰਟੀਸੀ ਬੱਸ ਸੇਵਾ ਨਹੀਂ ਹੈ। ਨਾਲ ਹੀ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਚੰਡੀਗੜ੍ਹ, ਪਟਿਆਲਾ, ਲੁਧਿਆਣਾ ਅਤੇ ਜਲੰਧਰ ਲਈ ਵੀ ਸਰਕਾਰੀ ਬੱਸਾਂ ਲੰਮੇ ਸਮੇਂ ਤੋਂ ਬੰਦ ਪਈਆਂ ਹਨ। ਪੰਚਾਇਤਾਂ ਨੇ ਦੋਵੇਂ ਵਿਧਾਇਕਾਂ ਕੋਲੋਂ ਮੰਗ ਕੀਤੀ ਕਿ ਖੇਤਰ ਦੇ ਲੋਕਾਂ ਦੀ ਸਹੂਲਤ ਲਈ ਨਵੇਂ ਸਰਕਾਰੀ ਬੱਸ ਰੂਟਾਂ ਦੇ ਪਰਮਿਟ ਜਾਰੀ ਕਰਵਾਏ ਜਾਣ। ਇਹ ਮੰਗ ਪੱਤਰ ਅਮਨਦੀਪ ਕੌਰ (ਸਰਪੰਚ, ਫਤਹਿਗੜ੍ਹ ਨੌ-ਆਬਾਦ), ਨੈਬ ਸਿੰਘ (ਸਰਪੰਚ, ਤਲਵੰਡੀ ਅਕਲੀਆ), ਬਲਜੀਤ ਕੌਰ (ਸਰਪੰਚ, ਬਹਿਣੀਵਾਲ), ਗੁਰਪਿਆਰ ਸਿੰਘ (ਸਰਪੰਚ, ਪੇਰੋਂ), ਜਸਵਿੰਦਰ ਕੌਰ (ਸਰਪੰਚ, ਜਗਾ ਰਾਮ ਤੀਰਥ) ਤੇ ਪਰਵਿੰਦਰ ਕੌਰ (ਸਰਪੰਚ, ਧਿੰਗੜ) ਸਮੇਤ ਇਲਾਕੇ ਦੇ ਹੋਰ ਵਸਨੀਕਾਂ ਵੱਲੋਂ ਸਾਂਝੇ ਤੌਰ ‘ਤੇ ਦਿੱਤਾ ਗਿਆ। ਇਸ ਮੌਕੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਭਰੋਸਾ ਦਿਵਾਇਆ ਕਿ ਇਹ ਮੰਗ ਪੱਤਰ ਜਲਦ ਹੀ ਪੰਜਾਬ ਸਰਕਾਰ ਨੂੰ ਅਗਲੀ ਕਾਰਵਾਈ ਲਈ ਭੇਜਿਆ ਜਾਵੇਗਾ।