ਬਿਨਾਂ ਜਾਂਚ ਮੁਅੱਤਲੀ ਦੇ ਐਲਾਨ ’ਤੇ ਮੁਲਾਜ਼ਮਾਂ ਵੱਲੋਂ ਰੋਸ ਰੈਲੀ
ਬਿਨਾਂ ਜਾਂਚ ਮੁਅੱਤਲੀ ਦੇ ਐਲਾਨ ‘ਤੇ ਮੁਲਾਜ਼ਮਾਂ ਨੇ ਰੋਸ ਰੈਲੀ ਕੀਤੀ
Publish Date: Wed, 08 Apr 2026 06:10 PM (IST)
Updated Date: Thu, 09 Apr 2026 04:06 AM (IST)

ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ ਸਬ ਡਵੀਜ਼ਨ ਕੋਟਸ਼ਮੀਰ ਵਿਖੇ ਅੱਜ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਇਕ ਰੋਸ ਰੈਲੀ ਕੀਤੀ ਗਈ। ਇਸ ਦੌਰਾਨ ਮੁੱਖ ਮੰਤਰੀ ਪੰਜਾਬ ਵੱਲੋਂ ਜੇਈ ਕੌਸ਼ਲ ਜੈਨ ਦੀ ਮੁਅੱਤਲੀ ਸਬੰਧੀ ਦਿੱਤੇ ਗਏ ਬਿਆਨ ਦਾ ਤਿੱਖਾ ਵਿਰੋਧ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਟੈਕਨੀਕਲ ਸਰਵਿਸ ਯੂਨੀਅਨ ਜ਼ੋਨ ਕਮੇਟੀ ਬਠਿੰਡਾ ਦੇ ਆਗੂ ਗੁਰਲਾਭ ਸਿੰਘ (ਜੇਈ) ਨੇ ਕਿਹਾ ਕਿ 5 ਅਪ੍ਰੈਲ ਨੂੰ ਮੁੱਖ ਮੰਤਰੀ ਪੰਜਾਬ ਦੀ ਬਠਿੰਡਾ ਫੇਰੀ ਦੌਰਾਨ ਇਕ ਪਿੰਡ ਦੇ ਸਰਪੰਚ ਵੱਲੋਂ ਜੇਈ ਕੌਸ਼ਲ ਜੈਨ ਦੀ ਸ਼ਿਕਾਇਤ ਕਰਨ ’ਤੇ ਬਿਨਾਂ ਕਿਸੇ ਜਾਂਚ ਪੜਤਾਲ ਦੇ ਮੁੱਖ ਮੰਤਰੀ ਵੱਲੋਂ ਮੁਅੱਤਲੀ ਦੇ ਹੁਕਮ ਕਰਨਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਚ ਅਧਿਕਾਰੀਆਂ ਵੱਲੋਂ ਮੁਅੱਤਲੀ ਦੇ ਹੁਕਮਾਂ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਤਾਂ ਮਹਿਕਮੇ ਦੇ ਕੰਮ ਨੂੰ ਬੰਦ ਕਰਕੇ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਇੰਪਲਾਈਜ਼ ਸੰਘਰਸ਼ ਯੂਨੀਅਨ ਦੇ ਸੂਬਾ ਆਗੂ ਇਕਬਾਲ ਸਿੰਘ (ਜੇਈ, ਤੁੰਗਵਾਲੀ) ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਇਸ ਮਾਮਲੇ ਵਿਚ ਜੇਈ ਕੌਸ਼ਲ ਜੈਨ ਦੇ ਨਾਲ ਡਟ ਕੇ ਖੜੀ ਹੈ ਅਤੇ ਕਿਸੇ ਵੀ ਨਾਇਨਸਾਫ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰੈਲੀ ਵਿਚ ਮਿਨਿਸਟਰੀਅਲ ਸਰਵਿਸ ਯੂਨੀਅਨ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਮੁਲਾਜ਼ਮ ਯੂਨਾਈਟਿਡ ਆਰਗਨਾਈਜੇਸ਼ਨ ਤੋਂ ਇਲਾਵਾ ਸੀਐਚਬੀ ਅਤੇ ਪੈਸਕੋ ਕਰਮਚਾਰੀਆਂ ਨੇ ਵੀ ਭਾਗ ਲਿਆ।