ਸ਼ਖਸੀਅਤ ਉਸਾਰੀ ਤੇ ਆਤਮ ਵਿਕਾਸ ਸਬੰਧੀ ਕਰਵਾਇਆ ਭਾਸ਼ਣ
ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋ ਸ਼ਖਸੀਅਤ ਉਸਾਰੀ ਅਤੇ ਆਤਮ ਵਿਕਾਸ ਲਈ ਪ੍ਰੇਰਣਾ ਭਾਸ਼ਣ ਕਰਵਾਇਆ
Publish Date: Wed, 08 Apr 2026 05:59 PM (IST)
Updated Date: Thu, 09 Apr 2026 04:05 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਹਿਉਮੈਨਟੀਜ਼ ਐਂਡ ਲੈਗੂਏਜ਼ਸ ਦੇ ਧਰਮ ਅਧਿਐਨ ਵਿਭਾਗ ਵੱਲੋਂ ਗੁਰੂ ਨਾਨਕ ਚੇਅਰ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੀ ਸ਼ਖਸੀਅਤ ਉਸਾਰੀ ਤੇ ਆਤਮ ਵਿਕਾਸ ਲਈ ਪ੍ਰੇਰਣਾ ਭਾਸ਼ਣ ਕਰਵਾਇਆ ਗਿਆ, ਜਿਸ ’ਚ ਨਾਮਵਰ ਚਿੰਤਕ ਅਤੇ ਵਿਦਵਾਨ ਸਤਨਾਮ ਸਿੰਘ ਸਲ੍ਹੋਪੁਰੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਜਦੋਂਕਿ ਵਾਈਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਮਾਰੋਹ ਵਿਚ ਡੀਨ ਡਾ. ਅਮਿੰਤ ਟੁਟੇਜਾ, ਅਧਿਆਪਕ ਅਤੇ ਲਗਭਗ 400 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਮੁੱਖ ਬੁਲਾਰਾ ਸਲ੍ਹੋਪੁਰੀ ਨੇ ਗੁਰਬਾਣੀ ਦੇ ਹਵਾਲੇ ਨਾਲ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਪੱਕੇ ਇਰਾਦੇ ਤੇ ਇਕਾਗਰਚਿੱਤ ਮਨ ਨਾਲ ਪੜ੍ਹਾਈ ਕਰਨ ਅਤੇ ਗੁਰੂਆਂ ਵੱਲੋਂ ਵਿਖਾਏ ਰਸਤੇ ’ਤੇ ਚੱਲਦਿਆਂ ਨੇਕ ਜ਼ਿੰਦਗੀ ਬਤੀਤ ਕਰਨ ਲਈ ਕਿਹਾ। ਉਨ੍ਹਾਂ ਵਿਦਿਆਰਥੀਆਂ ਨੂੰ ਮੁਸ਼ਕਲ ਹਾਲਾਤ ਤੋ ਨਾ ਘਬਰਾਉਣ ਅਤੇ ਹਮੇਸ਼ਾ ਆਪਣਾ ਮਨੋਬਲ ਚੜ੍ਹਦੀ ਕਲਾ ਵਿਚ ਰੱਖਣ ਲਈ ਕਿਹਾ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਗੁਰਬਾਣੀ ਦਾ ਟੀਕਾ ਕਰਨ ਵਾਲੇ ਮਹਾਨ ਟੀਕਾਕਾਰ ਡਾ. ਸਾਹਿਬ ਸਿੰਘ ਦੇ ਜੀਵਨ ਦਾ ਹਵਾਲਾ ਦਿੰਦਿਆਂ ਔਖੇ ਹਾਲਾਤ ’ਚ ਵੀ ਮੰਜ਼ਿਲ ਫਤਿਹ ਕਰਨ ਦੀ ਗੱਲ ਆਖੀ। ਉਨ੍ਹਾਂ ਭਾਰਤੀ ਇਤਿਹਾਸ ਵਿਚ ਗੁਰਬਾਣੀ ਦੇ ਸੰਕਲਪਾਂ ਨਾਲ ਸੰਬੰਧਿਤ ਕਿਤਾਬਾਂ ਵੀ ਵਿਦਿਆਰਥੀਆਂ ਨੂੰ ਭੇਟ ਕੀਤੀਆਂ। ਵਾਈਸ ਚਾਂਸਲਰ (ਡਾ.) ਧੀਮਾਨ ਨੇ ਕਿਹਾ ਕਿ ਸੁੱਖ-ਦੁੱਖ ਜ਼ਿੰਦਗੀ ਦੇ ਦੋ ਪਹਿਲੂ ਹਨ, ਜਿਸ ਤਰ੍ਹਾਂ ਧੁੱਪ ਤੇ ਛਾਂ ਸਾਡੀ ਜ਼ਿੰਦਗੀ ਦਾ ਹਿੱਸਾ ਹਨ, ਠੀਕ ਉਸੇ ਤਰ੍ਹਾਂ ਖੁਸ਼ਹਾਲੀ ਅਤੇ ਦੁੱਖ ਸਾਡੇ ਜੀਵਨ ਦਾ ਹਿੱਸਾ ਹਨ। ਇਸ ਲਈ ਮੁਸ਼ਕਿਲ ਘੜੀ ਵਿਚ ਹੌਸਲਾ ਨਹੀਂ ਛੱਡਣ ਚਾਹੀਦਾ, ਸਗੋਂ ਆਪਣੀ ਮੰਜ਼ਿਲ ਵੱਲ ਵਧਣਾ ਚਾਹੀਦਾ ਹੈ ਕਿਉਂਕਿ ਹਰੇਕ ਨੂੰ “ਆਪਣਾ ਮੂਲ ਪਛਾਣ” ਦੇ ਫਲਸਫੇ ਅਨੁਸਾਰ ਚੜ੍ਹਦੀ ਕਲਾ ‘ਚ ਰਹਿਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਸਮਾਰੋਹ ਦਾ ਸੰਚਾਲਨ ਕਰਦੇ ਹੋਏ ਵਿਭਾਗ ਮੁੱਖੀ ਡਾ. ਗੁਰਜੀਤ ਸਿੰਘ ਖਾਲਸਾ ਨੇ ਕਿਹਾ ਕਿ ਮੁਸ਼ਕਲ ਸਾਡੇ ਜੀਵਨ ਦੀ ਪਰੀਖਿਆ ਦਾ ਸਮਾਂ ਹੁੰਦਾ ਹੈ, ਇਸ ਲਈ ਸੰਕਟ ਦੀ ਘੜੀ ਸਮੇਂ ਪਰਮਾਤਮਾ ਵਿਚ ਵਿਸ਼ਵਾਸ ਰੱਖਦੇ ਹੋਏ, ਆਪਣੇ ਸੱਚੇ ਕਰਮ ਕਰਦੇ ਰਹਿਣਾ ਚਾਹੀਦਾ ਹੈ। ਪ੍ਰਬੰਧਕਾਂ ਵੱਲੋਂ ਮੁੱਖ ਬੁਲਾਰੇ ਨੂੰ ਦੁਸ਼ਾਲੇ ਤੇ ਸਮ੍ਰਿਤੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।