- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਸ਼ਰੇਆਮ ਕਰ ਰਿਹਾ ਲੋਕਾਂ ਦੀ ਸਿਹਤ ਨਾਲ ਖਿਲਵਾੜ, ਬਿਨਾਂ ਢਕੇ ਕੂੜੇ-ਕਰਕਟ ਨਾਲ ਭਰੀਆਂ ਟਰੈਕਟਰ-ਟਰਾਲੀਆਂ ਸੜਕਾਂ ‘ਤੇ

-ਸੜਕਾਂ ’ਤੇ ਘੁੰਮ ਰਹੀਆਂ ਨੇ ਬਿਨਾਂ ਢੱਕੇ ਕੂੜਾ-ਕਰਕਟ ਨਾਲ ਭਰੀਆਂ ਟਰੈਕਟਰ-ਟਰਾਲੀਆਂ
--ਸ਼ਿਕਾਇਤਾਂ ਦੇਣ ਦੇ ਬਾਵਜੂਦ ਨਹੀਂ ਖੁੱਲ੍ਹੀ ਨਿਗਮ ਅਧਿਕਾਰੀਆਂ ਦੀ ਨੀਂਦ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਸ਼ਹਿਰ ਵਿੱਚ ਕੂੜਾ-ਕਰਕਟ ਇਕੱਠਾ ਕਰਨ ਲਈ ਨਿਗਮ ਵੱਲੋਂ ਸ਼ੁਰੂ ਤੋਂ ਲੈ ਕੇ ਹੁਣ ਤਕ ਲਗਭਗ 72 ਟਿੱਪਰ ਖ਼ਰੀਦੇ ਗਏ ਸਨ, ਪਰ ਉਨ੍ਹਾਂ ਦੀ ਢੰਗ ਨਾਲ ਦੇਖਭਾਲ ਨਾ ਹੋਣ ਅਤੇ ਸਮੇਂ-ਸਮੇਂ ’ਤੇ ਮੁਰੰਮਤ ਨਾ ਕਰਵਾਉਣ ਕਾਰਨ ਕਈ ਟਿੱਪਰ ਖੜ੍ਹੇ-ਖੜ੍ਹੇ ਕਬਾੜ ਬਣ ਚੁੱਕੇ ਹਨ, ਜਦਕਿ ਕੁਝ ਹੋਰ ਵੀ ਖਰਾਬ ਹੋਣ ਕੰਢੇ ’ਤੇ ਹਨ। ਕੂੜਾ ਚੁੱਕਣ ਲਈ ਟਰਾਲੀਆਂ ਨੂੰ ਢੱਕਿਆ ਨਹੀਂ ਜਾ ਰਿਹਾ, ਜਿਸ ਕਾਰਨ ਕਈ ਵਾਰ ਕੂੜਾ ਸੜਕਾਂ ’ਤੇ ਡਿੱਗ ਪੈਂਦਾ ਹੈ।
ਪਿਛਲੇ ਇਕ ਤੋਂ ਡੇਢ ਸਾਲ ਦੌਰਾਨ ਨਿਗਮ ਵੱਲੋਂ ਕਈ ਦਰਜਨ ਨਵੀਆਂ ਟਰੈਕਟਰ-ਟ੍ਰਾਲੀਆਂ ਵੀ ਘਰਾਂ ਤੇ ਦੁਕਾਨਾਂ ਤੋਂ ਕੂੜਾ ਇਕੱਠਾ ਕਰਨ ਲਈ ਲਗਾਈਆਂ ਗਈਆਂ ਹਨ। ਇਸਦੇ ਬਾਵਜੂਦ ਵੀ ਸ਼ਹਿਰ ਦੇ ਕਿਸੇ ਵੀ ਇਲਾਕੇ ’ਚ ਰੋਜ਼ਾਨਾ ਕੂੜਾ ਇਕੱਠਾ ਕਰਨ ਦੀ ਪ੍ਰਕਿਰਿਆ ਢੰਗ ਨਾਲ ਨਹੀਂ ਹੋ ਰਹੀ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਿੱਪਰਾਂ ਦੀ ਖਰਾਬ ਹਾਲਤ ਅਤੇ ਕਈ ਵਾਹਨਾਂ ਦੇ ਕਬਾੜ ਬਣਨ ਕਾਰਨ ਸ਼ਹਿਰ ’ਚ ਕੂੜਾ ਇਕੱਠਾ ਕਰਨ ਦੀ ਸੇਵਾ ਪ੍ਰਭਾਵਿਤ ਹੋ ਰਹੀ ਹੈ। ਇਸ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਨਿਗਮ ਨੇ ਮੀਟਿੰਗਾਂ ਵਿੱਚ ਨਵੀਆਂ ਟਰੈਕਟਰ-ਟ੍ਰਾਲੀਆਂ ਖਰੀਦਣ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਨੂੰ ਸੜਕਾਂ ਅਤੇ ਗਲੀਆਂ ਵਿੱਚ ਉਤਾਰਿਆ ਗਿਆ। ਹਾਲ ਹੀ ਵਿੱਚ ਵੀ ਇਕ ਤੋਂ ਡੇਢ ਦਰਜਨ ਨਵੀਆਂ ਟ੍ਰਾਲੀਆਂ ਨੂੰ ਹਰੀ ਝੰਡੀ ਦਿੱਤੀ ਗਈ ਹੈ। ਹਾਲਾਤ ਇਹ ਹਨ ਕਿ ਲੱਖਾਂ ਰੁਪਏ ਖਰਚ ਕਰਕੇ ਨਵੀਆਂ ਟ੍ਰਾਲੀਆਂ ਤਾਂ ਖਰੀਦ ਲਈਆਂ ਜਾਂਦੀਆਂ ਹਨ, ਪਰ ਉਨ੍ਹਾਂ ਨੂੰ ਢੱਕਣ ਲਈ ਤਰਪਾਲਾਂ ਵਰਗਾ ਬੁਨਿਆਦੀ ਪ੍ਰਬੰਧ ਨਹੀਂ ਕੀਤਾ ਗਿਆ। ਇਸ ਕਾਰਨ ਕੂੜੇ ਨਾਲ ਓਵਰਲੋਡ ਟਰੈਕਟਰ-ਟ੍ਰਾਲੀਆਂ ਬਿਨਾਂ ਢੱਕੇ ਸੜਕਾਂ, ਜੀਟੀ ਰੋਡ ਅਤੇ ਹਾਈਵੇਜ਼ ’ਤੇ ਦੌੜਦੀਆਂ ਦਿਸਦੀਆਂ ਹਨ, ਜਿਹੜੀਆਂ ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ।
ਪਿਛਲੇ ਇਕ ਸਾਲ ਦੌਰਾਨ ਆਰਟੀਆਈ ਵਰਕਰ ਸੰਜੀਵ ਗੋਇਲ ਜਾਗੋ ਗ੍ਰਾਹਕ ਇਸ ਮਾਮਲੇ ਸਬੰਧੀ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ, ਡਾਇਰੈਕਟਰ ਸਥਾਨਕ ਸਰਕਾਰ, ਸਥਾਨਕ ਸਰਕਾਰ ਮੰਤਰੀ, ਪ੍ਰਮੁੱਖ ਸਕੱਤਰ, ਡਿਪਟੀ ਕਮਿਸ਼ਨਰ ਬਠਿੰਡਾ ਅਤੇ ਨਗਰ ਨਿਗਮ ਕਮਿਸ਼ਨਰ ਸਮੇਤ ਕਈ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਭੇਜੀਆਂ ਹਨ। ਇਸਦੇ ਬਾਵਜੂਦ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਆਇਆ। ਅਧਿਕਾਰੀ ਸ਼ਿਕਾਇਤਾਂ ਨੂੰ ਬੰਦ ਕਰਨ ਲਈ ਕਦੇ ਨਵੀਆਂ ਤਰਪਾਲਾਂ ਖਰੀਦਣ ਦਾ ਦਾਅਵਾ ਕਰਦੇ ਹਨ ਅਤੇ ਕਦੇ ਇਸ ਕੰਮ ਨੂੰ ਪ੍ਰਗਤੀ ‘ਚ ਦੱਸਦੇ ਹਨ। ਬਿਨਾਂ ਢਕੇ ਕੂੜੇ ਨਾਲ ਭਰੀਆਂ ਟ੍ਰਾਲੀਆਂ ਚਲਾਉਣ ਵਾਲੇ ਡਰਾਈਵਰਾਂ ਤੇ ਸਟਾਫ ਦੇ ਨਾਲ-ਨਾਲ ਨਿਗਮ ਦੇ ਅਧਿਕਾਰੀ ਵੀ ਨਿਯਮਾਂ ਦੀ ਅਣਦੇਖੀ ਕਰ ਰਹੇ ਹਨ, ਜਿਸ ਨਾਲ ਲੋਕਾਂ ਦੀ ਜਾਨ ਨਾਲ ਖੇਡਿਆ ਜਾ ਰਿਹਾ ਹੈ। ਇਕ ਛੋਟੀ ਲਾਪਰਵਾਹੀ ਵੱਡੇ ਜਾਨੀ ਤੇ ਮਾਲੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਇਸ ਤੋਂ ਇਲਾਵਾ ਕਈ ਟਰੈਕਟਰ-ਟ੍ਰਾਲੀਆਂ ਦੇ ਡਰਾਈਵਰ ਟ੍ਰੈਫਿਕ ਨਿਯਮਾਂ ਦੀ ਵੀ ਉਲੰਘਣਾ ਕਰ ਰਹੇ ਹਨ ਅਤੇ ਲਾਲ ਬੱਤੀ ਤਕ ਜੰਪ ਕਰਦੇ ਨਜ਼ਰ ਆਉਂਦੇ ਹਨ। ਕੂੜਾ ਡੰਪ ਕਰਨ ਸਮੇਂ ਵੀ ਟ੍ਰਾਲੀਆਂ ਨੂੰ ਬਿਨਾਂ ਢੱਕੇ ਹੀ ਚਲਾਇਆ ਜਾ ਰਿਹਾ ਹੈ। ਗੋਇਲ ਅਨੁਸਾਰ ਇਸ ਸਬੰਧੀ ਦੁਬਾਰਾ ਪੂਰੇ ਸਬੂਤਾਂ ਸਮੇਤ ਸ਼ਿਕਾਇਤ ਵਾਤਾਵਰਨ ਵਿਭਾਗ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ, ਜਿਸ ਵਿੱਚ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਅਤੇ ਸਟਾਫ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਜੋ ਸਾਰੇ ਵਾਹਨ ਨਿਯਮਾਂ ਅਨੁਸਾਰ ਢਕ ਕੇ ਅਤੇ ਸੁਰੱਖਿਅਤ ਢੰਗ ਨਾਲ ਚਲਾਏ ਜਾਣ ਅਤੇ ਲੋਕਾਂ ਦੀ ਸਿਹਤ ਤੇ ਜਾਨ ਨਾਲ ਖਿਲਵਾੜ ਨਾਂ ਹੋਵੇ।