ਨਹਿਰ ’ਚੋਂ ਨੌਜਵਾਨ ਕੁੜੀ ਦੀ ਲਾਸ਼ ਬਰਾਮਦ
ਨਹਿਰ ਵਿਚੋਂ ਨੌਜਵਾਨ ਕੁੜੀ ਦੀ ਲਾਸ਼ ਬਰਾਮਦ
Publish Date: Wed, 08 Apr 2026 04:58 PM (IST)
Updated Date: Thu, 09 Apr 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਸ਼ਹਿਰ ਦੀ ਸਰਹਿੰਦ ਨਹਿਰ ਵਿੱਚੋਂ ਇਕ ਅਣਪਛਾਤੀ ਨੌਜਵਾਨ ਕੁੜੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਜਾਣਕਾਰੀ ਅਨੁਸਾਰ ਲਾਸ਼ ਕੁਝ ਦਿਨ ਪੁਰਾਣੀ ਲੱਗ ਰਹੀ ਹੈ। ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਥਾਣਾ ਥਰਮਲ ਪੁਲਿਸ ਦੀ ਮੌਜੂਦਗੀ ਵਿਚ ਲਾਸ਼ ਨੂੰ ਨਹਿਰ ਵਿਚੋਂ ਬਾਹਰ ਕੱਢਿਆ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੌਰਚਰੀ ਵਿਚ ਪਹੁੰਚਾਇਆ ਗਿਆ। ਪੁਲਿਸ ਅਨੁਸਾਰ ਮ੍ਰਿਤਕਾ ਦੀ ਉਮਰ ਕਰੀਬ 24 ਤੋਂ 25 ਸਾਲ ਦਰਮਿਆਨ ਲੱਗਦੀ ਹੈ। ਉਸਦੇ ਹੱਥਾਂ 'ਤੇ ਮਹਿੰਦੀ ਲੱਗੀ ਹੋਈ ਹੈ, ਜਿਸ ਤੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਉਹ ਹਾਲ ਹੀ ਵਿਚ ਕਿਸੇ ਸਮਾਰੋਹ ਨਾਲ ਸਬੰਧਤ ਹੋ ਸਕਦੀ ਹੈ। ਜਾਂਚ ਦੌਰਾਨ ਮ੍ਰਿਤਕਾ ਕੋਲ ਅਜਿਹਾ ਕੋਈ ਦਸਤਾਵੇਜ਼ ਨਹੀਂ ਮਿਲਿਆ, ਜਿਸ ਨਾਲ ਉਸ ਦੀ ਸ਼ਨਾਖ਼ਤ ਹੋ ਸਕੇ। ਥਾਣਾ ਥਰਮਲ ਦੇ ਸਬ-ਇੰਸਪੈਕਟਰ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਮ੍ਰਿਤਕਾ ਦੀ ਪਛਾਣ ਲਈ ਯਤਨ ਕੀਤੇ ਜਾ ਰਹੇ ਹਨ।