ਸਾਹੂ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਕੀਤੀ ਸ਼ਮੂਲੀਅਤ
ਸਾਹੂ ਦੀ ਅਗਵਾਈ ’ਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਕੀਤੀ ਸ਼ਮੂਲੀਅਤ
Publish Date: Wed, 08 Apr 2026 04:47 PM (IST)
Updated Date: Thu, 09 Apr 2026 04:02 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਖਿਲਾਫ ਕੀਤੀਆਂ ਗਈਆਂ ਟਿੱਪਣੀਆਂ ਦੇ ਰੋਸ ਵਜੋਂ ਮੁੱਖ ਮੰਤਰੀ ਖ਼ਿਲਾਫ਼ ਰੋਸ ਮੁਜ਼ਾਹਰੇ ’ਚ ਜ਼ਿਲ੍ਹਾ ਪ੍ਰਧਾਨ ਰਾਜਦੀਪ ਸਿੰੰਘ ਸਾਹੂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਐਸਓਆਈ ਵਰਗੀ ਵਿਦਿਆਰਥੀ ਜਥੇਬੰਦੀ ਖ਼ਿਲਾਫ਼ ਅਜਿਹੀਆਂ ਟਿੱਪਣੀਆਂ ਕਰਨਾ ਨਿੰਦਣਯੋਗ ਹੈ ਤੇ ਇਹ ਵਿਦਿਆਰਥੀ ਵਰਗ ਦੇ ਅਪਮਾਨ ਕਰਨ ਬਰਾਬਰ ਹੈ। ਵਿਦਿਆਰਥੀ ਸੰਗਠਨਾਂ ਦਾ ਮੁੱਖ ਉਦੇਸ਼ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਤੇ ਨੌਜਵਾਨਾਂ ਦੇ ਹੱਕਾਂ ਲਈ ਆਵਾਜ਼ ਚੁੱਕਣਾ ਹੁੰਦਾ ਹੈ, ਪਰ ਸਰਕਾਰ ਵੱਲੋਂ ਕੀਤੀਆਂ ਬਿਆਨਬਾਜ਼ੀਆਂ ਨਾਲ ਉਨ੍ਹਾਂ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਹੂ ਨੇ ਸੰਬੋਧਨ ’ਚ ਕਿਹਾ ਕਿ ਮੁੱਖ ਮੰਤਰੀ ਦੀਆਂ ਟਿੱਪਣੀਆਂ ਨਾਲ ਵਿਦਿਆਰਥੀ ਵਰਗ ਵਿੱਚ ਭਾਰੀ ਰੋਸ ਪੈਦਾ ਹੋਇਆ ਹੈ। ਨੌਜਵਾਨ ਕਿਸੇ ਵੀ ਹਾਲਤ ਵਿੱਚ ਆਪਣੇ ਸੰਗਠਨ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰਨਗੇ। “ਜੇਕਰ ਸਰਕਾਰ ਨੇ ਜਲਦੀ ਆਪਣਾ ਰਵੱਈਆ ਨਾ ਬਦਲਿਆ ਤਾਂ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ। ਉਨ੍ਹਾਂ ਕਿਹਾ ਕਿ ਇਹ ਲੜਾਈ ਸਿਰਫ ਐੱਸਓਆਈ ਦੀ ਨਹੀਂ, ਸਗੋਂ ਪੂਰੇ ਵਿਦਿਆਰਥੀ ਵਰਗ ਦੀ ਹੈ। ਨੌਜਵਾਨ ਆਗੂ ਨੇ ਸਾਫ਼ ਕੀਤਾ ਕਿ ਐੱਸਓਆਈ ਵਿਦਿਆਰਥੀਆਂ ਦੀ ਨੁਮਾਇੰਦਾ ਜਥੇਬੰਦੀ ਹੈ, ਪਰ ਪੰਜਾਬ ਸਰਕਾਰ ਜਾਣ-ਬੁੱਝ ਕੇ ਜਥੇਬੰਦੀ ਨੂੰ ਬਦਨਾਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਐੱਸਓਆਈ ਨੇ ਪਹਿਲਾਂ ਵੀ ਸੰਘਰਸ਼ਾਂ ਰਾਹੀ ਆਪਣੀਆਂ ਮੰਗਾਂ ਮੰਨਵਾਈਆਂ ਹਨ। ਸਾਹੂ ਨੇ ਕਿਹਾ ਕਿ ਧਰਨੇ ਵਿਚ ਬਠਿੰਡਾ ਤੋਂ ਵੱਡੀ ਗਿਣਤੀ ਵਿਦਿਆਰਥੀਆਂ ਨੇ ਹਿੱਸਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਜੇਕਰ ਐਸਓਆਈ ਦੇ ਸੂਬਾ ਪ੍ਰਧਾਨ ਕੋਈ ਪ੍ਰੋਗਰਾਮ ਉਲੀਕਣਗੇ ਤਾਂ ਬਠਿੰਡਾ ਤੋਂ ਫ਼ਿਰ ਵੱਡੀ ਗਿਣਤੀ ਨੌਜਵਾਨ ਸ਼ਮੂਲੀਅਤ ਕਰਨਗੇ।