ਸਮਾਰਟ ਫੋਨ ਮਿਲਣ ’ਤੇ ਹੀ ਹੋਵੇਗਾ ਕੰਮ : ਹਰਗੋਬਿੰਦ ਕੌਰ
ਆਂਗਣਵਾੜੀ ਸੈਂਟਰਾਂ ਲਈ ਖਰੀਦੇ ਫੋਨ ਰੂਰਲ ਡਿਪਾਰਟਮੈਂਟ ਨੂੰ ਦੇਣ ਦਾ ਵਿਰੋਧ
Publish Date: Tue, 07 Apr 2026 06:47 PM (IST)
Updated Date: Wed, 08 Apr 2026 04:09 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਸਰਕਾਰ ਨੇ ਜੋ ਸਮਾਰਟ ਫੋਨ ਆਂਗਨਵਾੜੀ ਪੋਸ਼ਣ ਅਭਿਆਨ ਦੇ ਅਧੀਨ ਆਂਗਣਵਾੜੀ ਸੈਂਟਰਾਂ ਵਿਚ ਦੇਣ ਲਈ ਖਰੀਦੇ ਸਨ, ਉਹ ਫੋਨ ਹੁਣ ਸਰਵੇ ਕਰਨ ਲਈ ਰੂਰਲ ਡਿਵੈਲਪਮੈਂਟ ਮਹਿਕਮੇ ਨੂੰ ਦਿੱਤੇ ਜਾ ਰਹੇ ਹਨ। ਸਰਕਾਰ ਜੋ 13 ਅਪ੍ਰੈਲ ਨੂੰ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਸ਼ੁਰੂ ਕਰ ਰਹੀ ਹੈ, ਉਸ ’ਚ ਜੋ ਫਾਰਮ ਆਂਗਨਵਾੜੀ ਵਰਕਰਾਂ ਨੂੰ ਆਪਣੇ ਫੋਨਾਂ ਤੋਂ ਭਰਨ ਲਈ ਕਿਹਾ ਜਾ ਰਿਹਾ ਹੈ ਪ੍ਰੰਤੂ ਆਂਗਨਵਾੜੀ ਵਰਕਰ ਆਪਣੇ ਪਰਸਨਲ ਫੋਨਾਂ ਤੋਂ ਫਾਰਮ ਨਹੀਂ ਭਰਨਗੀਆਂ। ਜੇਕਰ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਦੇਵੇਗੀ, ਜੋ ਪੋਸ਼ਣ ਅਭਿਆਨ ਦੇ ਅੰਡਰ ਉਨ੍ਹਾਂ ਲਈ ਖਰੀਦੇ ਹਨ, ਤਾਂ ਹੀ ਇਹ ਯੋਜਨਾ ਦੇ ਫਾਰਮ ਭਰੇ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਫਾਰਮਾਂ ਨੂੰ ਅਪਲੋਡ ਕਰਨ ਲਈ ਘੱਟੋ ਘੱਟ 100 ਰੁਪਏ ਪ੍ਰਤੀ ਫਾਰਮ ਆਂਗਣਵਾੜੀ ਵਰਕਰ ਨੂੰ ਦਿੱਤਾ ਜਾਵੇ। ਸਰਕਾਰ ਨੇ ਮਾਣ ਭੱਤਾ ਦੁਗਣਾ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਕੰਮ ਕਰਨ ਦੇ ਬਾਵਜੂਦ ਮਾਣ ਭੱਤਾ ਨਹੀਂ ਦਿੱਤਾ ਜਾ ਰਿਹਾ, ਜੋ ਬਹੁਤ ਹੀ ਦੁੱਖ ਦੀ ਗੱਲ ਹੈ।