- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਤੀਬਾੜੀ ਦਫਤਰ ਨੇ ਆਪ ਦਾ ਕਿਸਾਨ ਵਿੰਗ ਕੀਤਾ ਨਜ਼ਰ ਅੰਦਾਜ਼, ਕਿਸਾਨ ਮੇਲੇ ਦਾ ਨਹੀਂ ਦਿੱਤਾ ਸੱਦਾ ਪੱਤਰ: ਕੋਟਫੱਤਾ

-ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਦਿੱਤੇ ਸੱਦਾ ਪੱਤਰ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਖੇਤੀਬਾੜੀ ਦਫ਼ਤਰ ਵੱਲੋਂ ਕਿਸਾਨ ਮੇਲਿਆਂ ਵਿੱਚੋਂ ‘ਆਪ’ ਦੇ ਕਿਸਾਨ ਵਿੰਗ ਨੂੰ ਨਜ਼ਰਅੰਦਾਜ ਕਰਨ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਪੱਤਰ ਦੇੇਣ ’ਤੇ ਵਲੰਟੀਅਰਾਂ ਤੇ ਆਗੂਆਂ ’ਚ ਸਖ਼ਤ ਰੋਸ ਪੈਦਾ ਹੋ ਗਿਆ ਹੈ। ਇਸ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਪੰਜਾਬ ਦੇ ਸੂਬਾ ਸਕੱਤਰ ਅਤੇ ਮਾਲਵਾ-ਵੈਸਟ ਜੋਨ ਦੇ ਇੰਚਾਰਜ ਪਰਮਜੀਤ ਸਿੰਘ ਕੋਟਫੱਤਾ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸਾਨ ਮੇਲੇ ਦੇ ਸੱਦੇ ਤੋਂ ਆਪਣੀ ਪਾਰਟੀ ਨੂੰ ਨਜ਼ਰਅੰਦਾਜ਼ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਇਹ ਬਠਿੰਡਾ ਦੇ ਖੇਤੀਬਾੜੀ ਅਧਿਕਾਰੀ ਦਾ ਰਵੱਈਆ ਬਿਲਕੁਲ ਨਿਰਾਸ਼ ਕਰਨ ਵਾਲਾ ਹੈ। ਕੋਟਫੱਤਾ ਨੇ ਕਿਹਾ ਕਿ ਆਪ ਹਾਈਕਮਾਨ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਵੱਲੋਂ ਆਪ ਦੇ ਪੰਜਾਬ ਕਿਸਾਨ-ਵਿੰਗ ਦੀ ਜ਼ਰੂਰੀ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨਾਲ ਸਬੰਧਤ ਹਰ ਐਕਟੀਵਿਟੀ ਵਿੱਚ ਆਪ ਦੇ ਕਿਸਾਨ-ਵਿੰਗ ਨੂੰ ਭਾਗੀਦਾਰ ਬਣਾਇਆ ਜਾਵੇਗਾ, ਪਰ 7 ਅਪ੍ਰੈਲ ਨੂੰ ਬਠਿੰਡਾ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਸਿਖਲਾਈ ਮੇਲਾ ਲਾਇਆ ਗਿਆ, ਪਰ ਕਿਸਾਨ-ਵਿੰਗ ਦੇ ਕਿਸੇ ਵੀ ਅਹੁਦੇਦਾਰ ਨੂੰ ਸੱਦਾ-ਪੱਤਰ ਨਹੀਂ ਦਿੱਤਾ ਗਿਆ ਜਦਕਿ ਆਮ ਲੋਕਾਂ ਤੇ ਹੋਰ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਬਣਾਏ ਗਏ ਸੱਦਾ-ਪੱਤਰ ਵਿਸੇਸ਼ ਤੌਰ ’ਤੇ ਭੇਜੇ ਗਏ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਨੇ ਜੋ ਸੱਦੇ ਸਿਆਸੀ ਪਾਰਟੀਆਂ ਨੂੰ ਜਾਰੀ ਕੀਤੇ ਹਨ, ਉਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗਿ ਨੂੰ ਜਾਣ-ਬੁੱਝ ਕੇ ਨਜ਼ਰਅੰਦਾਜ਼ ਕੀਤਾ ਗਿਆ। ਜ਼ਿਲ੍ਹਾ ਖੇਤੀਬਾੜੀ ਦਫ਼ਤਰ ਦੇ ਇਸ ਵਤੀਰੇ ਤੋਂ ਆਪ ਕਿਸਾਨ-ਵਿੰਗ ਜ਼ਿਲ੍ਹਾ ਬਠਿੰੰਡਾ ਦੀ ਇਕਾਈ ’ਚ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਪਰਮਜੀਤ ਸਿੰਘ ਕੋਟਫੱਤਾ ਸੂਬਾ-ਸਕੱਤਰ ਆਪ ਕਿਸਾਨ-ਵਿੰਗ ਪੰਜਾਬ ਨੇ ਮੁੱਖ-ਮੰਤਰੀ ਭਗਵੰਤ ਮਾਨਅਤੇ ਪੰਜਾਬ ਦੇ ਇੰਚਾਰਜ ਮੁਨੀਸ਼ ਸਿਸੋਦੀਆ ਨੂੰ ਅਪੀਲ ਕਿ ਜ਼ਿਲ੍ਹਾ ਖੇਤੀਬਾੜੀ ਅਫਸਰ ਬਠਿੰਡਾ ਨੂੰ ਤੁਰੰਤ ਬਦਲਿਆ ਜਾਵੇ ਤਾਂ ਆਪ ਕਿਸਾਨ-ਵਿੰਗ ਦੀ ਬਠਿੰਡਾ ਇਕਾਈ ਵਿੱਚ ਪਾਈ ਜਾ ਰਹੀ ਨਿਰਾਸ਼ਤਾ ਦੂਰ ਹੋ ਸਕੇ। ਮੁੱਖ ਖੇਤੀਬਾੜੀ ਅਫਸਰ ਡਾ. ਹਰਬੰਸ ਸਿੰਘ ਦਾ ਕਹਿਣਾ ਸੀ ਕਿ ਜ਼ਿਲ੍ਹੇ ਨਾਲ ਸਬੰਧਤ ਸਾਰੇ ਵਿਧਾਇਕਾਂ ਨੂੰ ਸੱਦਾ ਪੱਤਰ ਦਿੱਤੇ ਸਨ, ਜਿਨ੍ਹਾਂ ਵਿਚੋਂ ਦੋ ਵਿਧਾਇਕ ਕਿਸਾਨ ਸਿਖਲਾਈ ਕੈਂਪ ਵਿਚ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਜਦੋਂ ਪਤਾ ਲੱਗਾ ਕਿ ਕਿਸਾਨ ਵਿੰਗ ਦੇ ਆਗੂ ਨੂੰ ਦਫਤਰ ਵੱਲੋਂ ਸੱਦਾ ਪੱਤਰ ਨਹੀ ਗਿਆ ਤਾਂ ਤਰੁੰਤ ਏਡੀਓ ਆਪ ਆਗੂ ਕੋਟਫੱਤਾ ਨੂੰ ਸੱਦਾ ਪੱਤਰ ਦੇ ਕੇ ਆਇਆ ਸੀ।